ਮਲੇਰਕੋਟਲਾ, 1 ਮਈ (ਮਨਜਿੰਦਰ ਸਿੰਘ ਸਰੌਦ) - ਪੰਜਾਬ ਅੰਦਰ ਕਣਕ ਤੇ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਤੇ ਸਬੰਧਿਤ ਵਿਭਾਗ ਵੱਲੋਂ ਹਰ ਫ਼ਸਲੀ ਸੀਜ਼ਨ ਦੇ ਮੌਕੇ ਖ਼ਰੀਦ ਕੀਤੀ ਫ਼ਸਲ ਨੂੰ ਚੁੱਕਣ ਦੇ ਵਾਅਦੇ ਤੇ ਦਾਅਵੇ ਤਾਂ 'ਥੋਕ' ਦੇ ਰੂਪ ਵਿੱਚ ਕੀਤੇ ਜਾਂਦੇ ਹਨ ਪਰ ਉਨ੍ਹਾਂ ਵਾਅਦਿਆਂ ਤੇ ਦਾਅਵਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਸਬੰਧਿਤ ਵਿਭਾਗਾਂ ਵੱਲੋਂ ਕਦੇ ਵੀ ਖ਼ਾਸ ਦਿਲਚਸਪੀ ਵਿਖਾਉਣ ਦੀ ਜੁਰਅਤ ਨਹੀਂ ਕੀਤੀ | ਬੀਤੀ 1 ਅਪ੍ਰੈਲ ਤੋਂ ਕਣਕ ਦੀ ਬੋਲੀ ਸ਼ੁਰੂ ਹੋਈ ਨੂੰ ਅੱਜ ਇੱਕ ਮਹੀਨਾ ਬੀਤ ਚੱਲਿਆ ਪਰ ਮੰਡੀਆਂ ਦੇ ਹਾਲਾਤ, ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੀਆਂ ਕਈ ਮੰਡੀਆਂ ਅੰਦਰ ਸਰਕਾਰ ਵੱਲੋਂ ਖ਼ਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਇਸ ਸਾਰੇ ਵਰਤਾਰੇ ਦੀ ਦਾਸਤਾਨ ਆਪਣੇ ਮੂੰਹੋਂ ਆਪ ਬਿਆਨ ਕਰਦੇ ਹਨ | ਇਹ ਮਸਲਾ ਕੋਈ ਇੱਕ ਵਰ੍ਹੇ ਦਾ ਨਹੀਂ ਹੈ ਕਣਕ ਤੇ ਝੋਨੇ ਦੇ ਹਰ ਸੀਜ਼ਨ ਦੌਰਾਨ ਇਹੀ ਕੁੱਝ ਦਾਣਾ ਮੰਡੀਆਂ ਦੇ ਅੰਦਰ ਅਕਸਰ ਹੁੰਦਾ ਰਹਿੰਦਾ ਹੈ | ਜੇਕਰ ਜ਼ਿਲ੍ਹਾ ਮਲੇਰਕੋਟਲਾ ਦੀਆਂ ਕੁੱਝ ਦਾਣਾ ਮੰਡੀਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਬੋਰੀਆਂ ਦੇ ਲੱਗੇ ਥੋਕ ਸੰਬੰਧਿਤ ਵਿਭਾਗਾਂ ਵੱਲੋਂ ਕੀਤੇ ਦਾਅਵਿਆਂ ਦਾ ਮੂੰਹ ਚਿੜਾਉਂਦੇ ਜਾਪ ਰਹੇ ਹਨ | ਮੰਡੀਆਂ ਦੇ ਅੰਦਰੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆੜ੍ਹਤੀ ਤੇ ਪੱਲੇਦਾਰ ਵਰਗ ਦੀ ਸਥਿਤੀ ਮੌਜੂਦਾ ਸਮੇਂ ਬੇਹੱਦ ਮੁਸ਼ਕਿਲ ਬਣ ਚੁੱਕੀ ਦਿਖਾਈ ਦਿੰਦੀ ਹੈ ਕਿਉਂਕਿ ਸਰਕਾਰ ਵੱਲੋਂ ਖ਼ਰੀਦ ਕੀਤੀ ਜਾ ਚੁੱਕੀ ਫ਼ਸਲ ਦੀ ਜ਼ਿੰਮੇਵਾਰੀ ਉਨ੍ਹਾਂ ਚਿਰ ਪੱਲੇਦਾਰ ਵਰਗ ਦੀ ਹੁੰਦੀ ਹੈ ਜਿੰਨਾ ਚਿਰ ਉੱਥੋਂ ਉਸ ਫ਼ਸਲ ਨੂੰ ਚੁੱਕ ਨਹੀਂ ਲਿਆ ਜਾਂਦਾ | ਕਈ ਵਾਰ ਜਦੋਂ ਕਿਸੇ ਵੀ ਫ਼ਸਲ ਦਾ ਸੀਜ਼ਨ ਜ਼ਿਆਦਾ ਲੰਬਾ ਹੋ ਜਾਂਦਾ ਹੈ ਤਾਂ ਪੱਲੇਦਾਰਾਂ ਵੱਲੋਂ ਕੀਤੀ ਕਮਾਈ ਦਾ ਵੱਡਾ ਹਿੱਸਾ ਬੋਰੀਆਂ ਦੀ ਰਾਖੀ ਲਈ ਖ਼ਰਚ ਹੋ ਜਾਂਦਾ ਹੈ | ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਪੱਲੇਦਾਰ ਵਰਗ ਦਾ ਆਖਣਾ ਹੈ ਕਿ ਇੱਕ ਤਾਂ ਉਨ੍ਹਾਂ ਨੂੰ ਖ਼ਰੀਦ ਕੀਤੀ ਕਣਕ ਦੀ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ, ਦੂਸਰਾ ਉਨ੍ਹਾਂ ਤੋਂ ਕਣਕ ਸੁੱਕਣ ਕਾਰਨ ਪੈ ਰਹੇ ਘਾਟੇ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਫਿਰ ਉਹ ਇਸ ਹਾਲਤ ਵਿੱਚ ਆਪਣੇ ਪਰਿਵਾਰ ਕਿਵੇਂ ਪਾਲਣਗੇ | ਜੇਕਰ ਮੌਸਮ ਵਿਗੜਦਾ ਹੈ ਤਾਂ ਉਨ੍ਹਾਂ ਦੀ 'ਜਾਨ ਨੂੰ ਬਣ' ਜਾਂਦੀ ਹੈ |