ਧੂਰੀ, 2 ਮਈ (ਲਖਵੀਰ ਸਿੰਘ ਧਾਂਦਰਾ) - ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੀ ਅਹਿਮ ਮੀਟਿੰਗ ਜ਼ਿਲ੍ਹਾ ਆਗੂ ਮਿਸਰਾ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਹੋਈ | ਇਸ ਮੀਟਿੰਗ ਵਿੱਚ ਧੂਰੀ ਦੇ ਏਡਡ ਸਕੂਲਾਂ ਦੇ ਵਰਕਿੰਗ ਅਤੇ ਰਿਟਾਇਰਡ ਅਧਿਆਪਕ ਸ਼ਾਮਲ ਹੋਏ | ਏਡਡ ਸਕੂਲ ਅਧਿਆਪਕਾਂ ਦੇ ਗੰਭੀਰ ਮਸਲੇ ਪ੍ਰਤੀ ਆਵਾਜ਼ ਉਠਾਉਣ ਲਈ ਸਾਬਕਾ ਐਮ. ਐਲ. ਏ. ਦਲਵੀਰ ਸਿੰਘ ਗੋਲਡੀ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿੱਚ ਪਹੁੰਚੇ | ਦਲਵੀਰ ਗੋਲਡੀ ਨੇ ਏਡਡ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਏਡਡ ਸਕੂਲ ਬੰਦ ਹੋ ਜਾਣਗੇ | ਦਲਵੀਰ ਗੋਲਡੀ ਨੇ ਕਿਹਾ ਕਿ ਅਧਿਆਪਕਾਂ ਨੂੰ ਲੰਮਾ ਸਮਾਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ਼ ਹੋ ਰਿਹਾ ਹੈ | ਦਲਵੀਰ ਗੋਲਡੀ ਨੇ ਅੱਗੇ ਕਿਹਾ ਖ਼ਾਲਸਾ, ਆਰੀਆ, ਸਨਾਤਨ, ਇਸਲਾਮ ਅਤੇ ਇਸਾਈ ਧਰਮ ਦੇ ਇਨ੍ਹਾਂ ਸਕੂਲਾਂ ਨੇ ਸਮਾਜ ਵਿੱਚ ਉੱਘੀਆਂ ਹਸਤੀਆਂ ਪੈਦਾ ਕੀਤੀਆਂ ਹਨ | ਸਥਾਨਕ ਖ਼ਾਲਸਾ ਸਕੂਲ ਵਿੱਚ ਪੜ੍ਹੇ ਉੱਘੇ ਪੰਜਾਬੀ ਕਲਾਕਾਰਾਂ ਰਣਬੀਰ ਰਾਣਾ ਅਤੇ ਬੀਨੂੰ ਢਿੱਲੋਂ ਨੂੰ ਬੇਨਤੀ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਏਡਡ ਸਕੂਲਾਂ ਅਤੇ ਅਧਿਆਪਕਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ਼ ਰਾਬਤਾ ਕਾਇਮ ਕਰਕੇ ਸਕੂਲਾਂ ਦੀ ਪੁਨਰ-ਸੁਰਜੀਤੀ ਕਰਨੀ ਬਣਦੀ ਹੈ | ਜ਼ਿਲ੍ਹਾ ਆਗੂ ਮਿਸਰਾ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਅਧਿਆਪਕ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਰਕਾਰੀ ਸਕੂਲ ਅਧਿਆਪਕਾਂ ਵਾਂਗ ਸਾਨੂੰ ਵੀ ਸਮੇਂ ਸਿਰ ਤਨਖ਼ਾਹ, ਬਾਕੀ ਭੱਤੇ ਅਤੇ ਸਹੂਲਤਾਂ ਦਿੱਤੀਆਂ ਜਾਣ | ਜ਼ਿਲ੍ਹਾ ਆਗੂ ਨੇ ਕਿਹਾ ਕਿ ਸਾਰੇ ਏਡਡ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਮਿਤੀ 9 ਮਈ ਨੂੰ ਸੀ. ਐਮ. ਸਿਟੀ ਧੂਰੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਸਾਬਕਾ ਪਿ੍ੰਸੀਪਲ ਡਾ. ਐਨ. ਐਸ. ਪੰਧੇਰ ਨੇ ਕਿਹਾ ਕਿ ਏਡਡ ਸਟਾਫ਼ ਨੂੰ ਹਰ ਮਹੀਨੇ ਦੀ ਸੱਤ ਤਰੀਕ ਤੱਕ ਤਨਖ਼ਾਹ ਦੇਣ ਦਾ ਸਰਕਾਰੀ ਨਿਯਮ ਬਣਿਆ ਹੋਇਆ ਹੈ ਜਿਸ ਨੂੰ ਅਮਲੀ ਰੂਪ ਦੇਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਪਿ੍ੰਸੀਪਲ ਸਰਬਜੀਤ ਕੌਰ, ਸਾਬਕਾ ਪਿ੍ੰਸੀਪਲ ਧਰਮਿੰਦਰ ਕੁਮਾਰ, ਲਖਵੀਰ ਸਿੰਘ, ਗੁਰਦੀਪ ਸਿੰਘ, ਕਰਨਵੀਰ ਸਿੰਘ ਅਤੇ ਹੋਰ ਵੀ ਅਧਿਆਪਕ ਮੌਜੂਦ ਸਨ |