ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ (ਸੀਟੂ) ਪੰਜਾਬ ਨੇ ਪੰਜਾਬ ਦੀ ਭਗਵੰਤ ਸਰਕਾਰ ਵਲੋਂ ਘੱਟੋ-ਘੱਟ ਉਜ਼ਰਤਾਂ 'ਚ ਕੀਤੇ 15 ਫ਼ੀਸਦੀ ਨਿਗੂਣੇ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕਾਮਰੇਡ ਦੇਵ ਰਾਜ ਵਰਮਾ, ਸਕੱਤਰ ਗੁਰਦਰਸ਼ਨ ਸਿੰਘ ਤੇ ਮੀਤ ਪ੍ਰਧਾਨ ਮੱਖਣ ਜਖੇਪਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਈ ਦਿਵਸ ਉੱਪਰ ਵਿਸ਼ੇਸ਼ ਸਦਨ ਬੁਲਾ ਕੇ ਫੋਕੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ 15 ਫ਼ੀਸਦੀ ਵਾਧਾ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੈ | ਉਨ੍ਹਾਂ ਦੱਸਿਆ ਕਿ ਇਸ ਨਿਗੂਣੇ ਵਾਧੇ ਵਿਚ ਭੱਠਾ ਮਜ਼ਦੂਰਾਂ ਨੂੰ ਬਾਹਰ ਰੱਖ ਕੇ ਇਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ | ਆਗੂਆਂ ਨੇ ਮੰਗ ਕੀਤੀ ਕਿ ਭੱਠਾ ਵਰਕਰਾਂ ਨੂੰ ਇਸ ਵਾਧੇ ਦਾ ਤੁਰੰਤ ਲਾਭ ਦਿਵਾਇਆ ਜਾਵੇ ਜੇਕਰ ਸਰਕਾਰ ਨੇ ਭੱਠਾ ਮਜ਼ਦੂਰਾਂ ਨੂੰ ਇਸ 'ਚ ਸ਼ਾਮਲ ਨਾ ਕੀਤਾ ਤਾਂ ਇਨ੍ਹਾਂ ਮਜ਼ਦੂਰਾਂ ਦੇ ਕਰੋੜਾਂ ਰੁਪਏ ਭੱਠਾ ਮਾਲਕਾਂ ਵੱਲ ਬਕਾਇਆ ਰਹਿ ਜਾਣਗੇ | ਆਗੂਆਂ ਨੇ ਦੱਸਿਆ ਕਿ ਨਵੇਂ ਨੋਟੀਫ਼ਿਕੇਸ਼ਨ ਵਿਚ ਵਰਕਰਾਂ ਨੂੰ ਮਿਲਣ ਵਾਲੇ ਡੀ.ਏ ਦੀ ਵੀ ਕੋਈ ਸਮਾਂ ਸੀਮਾ ਤੈਅ ਨਹੀਂ , ਇਕ ਤਰਾਂ ਨਾਲ ਇਸ ਨੂੰ ਵੀ ਫਰੀਜ ਕਰ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਇਕ ਅਨ-ਸਕਿਲਡ ਵਰਕਰ ਦੀ ਤਨਖ਼ਾਹ ਜੋ ਕਿ ਘੱਟੋ-ਘੱਟ 26 ਹਜਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ, ਪਰ ਭਗਵੰਤ ਸਰਕਾਰ ਦੇ ਇਸ ਮਾਮੂਲੀ ਵਾਧੇ ਨਾਲ ਹੁਣ ਸਿਰਫ 13,486 ਰੁਪਏ ਕੀਤੀ ਗਈ ਹੈ ਜੋ ਕਿ ਬਹੁਤ ਘੱਟ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਉਜਰਤ 'ਚ ਕੀਤੇ ਇਸ ਵਾਧੇ ਨੂੰ ਮੁੜ ਵਿਚਾਰਿਆ ਜਾਵੇ ਤੇ ਹਰ ਵਰਕਰ ਨੂੰ 26 ਹਜਾਰ ਰੁਪਏ ਮਹੀਨਾ ਦੇਣਾ ਯਕੀਨੀ ਬਣਾਇਆ ਜਾਵੇ |