ਧੂਰੀ, 4 ਮਈ (ਸੰਜੇ ਲਹਿਰੀ) - ਡੀ.ਐਸ.ਪੀ ਧੂਰੀ ਸ਼੍ਰੀ ਗੁਰਪ੍ਰੀਤ ਸਿੰਘ ਨੇ ਇੱਕ ਪੈੱ੍ਰਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਧੂਰੀ ਪੁਲਿਸ ਨੇ ਸੌਰਵ ਛਾਬੜਾ ਪੁੱਤਰ ਸ੍ਰੀ ਰਜਿੰਦਰ ਕੁਮਾਰ ਛਾਬੜਾ ਵਾਸੀ ਧੂਰੀ ਨੂੰ ਚੋਰੀ ਦੇ ਸੋਨੇ ਸਮੇਤ ਗਿ੍ਫ਼ਤਾਰ ਕੀਤਾ ਹੈ | ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਭੈੜੇ ਅੰਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਮਿਤੀ 10/ 11 ਸਤੰਬਰ 2025 ਦੀ ਦਰਮਿਆਨੀ ਰਾਤ ਨੂੰ ਮੁਕੇਸ਼ ਕੁਮਾਰ ਪੁੱਤਰ ਸ਼੍ਰੀ ਰਾਮ ਗੋਪਾਲ ਵਾਸੀ ਏਪੀ ਇਨਕਲੇਬ ਧੂਰੀ ਦੇ ਘਰ ਨਗਦੀ ਅਤੇ ਜੇਵਰਾਤ ਦੀ ਹੋਈ | ਚੋਰੀ ਨੂੰ ਲੈ ਕੇ ਧੂਰੀ ਪੁਲਿਸ ਵੱਲੋਂ ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ | ਇਸ ਚੋਰੀ ਨਾਲ ਸੰਬੰਧਿਤ ਵਿਅਕਤੀ ਸੌਰਵ ਛਾਬੜਾ ਪੁੱਤਰ ਸ੍ਰੀ ਰਜਿੰਦਰ ਕੁਮਾਰ ਵਾਸੀ ਧੂਰੀ ਨੂੰ ਗਿ੍ਫ਼ਤਾਰ ਕਰਨ ਵਿੱਚ ਧੂਰੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਬੀਤੀ ਚਾਰ ਅਪ੍ਰੈਲ 2026 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦੋਸ਼ੀ ਸੌਰਭ ਛਾਬੜਾ ਪੁੱਤਰ ਰਜਿੰਦਰ ਕੁਮਾਰ ਵਾਸੀ ਧੂਰੀ ਨੇ ਪੁੱਛਗਿੱਛ ਦੌਰਾਨ ਆਪਣੇ ਸ਼ਹਿਰ ਧੂਰੀ ਦੇ ਸਿੰਗਲਾ ਟਾਵਲ ਹਾਊਸ ਵਿੱਚ ਬਣੇ ਮਕਾਨ ਵਿੱਚ ਚੋਰੀ ਕਰਨ ਦੀ ਗੱਲਬਾਤ ਕਬੂਲ ਕੀਤੀ ਸੀ ਜਿਸ ਕਰ ਕੇ ਦੋਸ਼ੀ ਸੌਰਵ ਛਾਬੜਾ ਨੂੰ 11 ਸਤੰਬਰ 2025 ਵਾਲੇ ਚੋਰੀ ਦੇ ਮਾਮਲੇ ਵਿੱਚ ਨਾਮਜ਼ਦ ਕਰ ਕੇ ਪ੍ਰੋਡਕਸ਼ਨ ਵਰੰਟ ਪਰ ਲਿਆ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਪੜਤਾਲ ਦੌਰਾਨ ਉਸ ਨੇ ਆਪਣੀ ਪਟਿਆਲਾ ਵਿਖੇ ਹੋਈ ਪੁੱਛਗਿੱਛ ਦੀ ਤਾਈਦ ਕਰਦੇ ਹੋਏ 10 /11 ਸਤੰਬਰ 2025 ਨੂੰ ਆਪਣੇ ਗੁਆਂਢੀ ਸਿੰਗਲਾ ਟਾਵਲ ਹਾਊਸ ਦੇ ਘਰ ਚੋਰੀ ਕਰਨ ਦੀ ਵਾਰਦਾਤ ਨੂੰ ਕਬੂਲਿਆ | ਸੀ.ਡੀ.ਐਸ.ਪੀ ਧੂਰੀ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੌਰਭ ਛਾਬੜਾ ਵੱਲੋਂ ਪੁੱਛਗਿੱਛ ਦੌਰਾਨ ਕਬੂਲ ਕੀਤੇ ਚੋਰੀ ਦੇ ਮਾਮਲੇ ਵਿੱਚ ਉਸ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਤਾ ਰਾਜਿੰਦਰ ਕੁਮਾਰ ਛਾਬੜਾ ਅਤੇ ਉਸ ਦੀ ਘਰਵਾਲੀ ਕਿ੍ਸ਼ਨਾ ਛਾਬੜਾ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਰਾਜਿੰਦਰ ਕੁਮਾਰ ਅਤੇ ਕਿ੍ਸ਼ਨਾ ਛਾਬੜਾ ਦੀ ਗਿ੍ਫ਼ਤਾਰੀ ਬਾਕੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਲਗਭਗ ਸਾਢੇ 15 ਤੋਲੇ ਸੋਨਾ ਬਰਾਮਦ ਕਰਵਾਇਆ ਗਿਆ ਹੈ ਅਤੇ ਡੁੰਘਾਈ ਨਾਲ ਹੋਰ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਹੋਰ ਨਵੇਂ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਸੌਰਭ ਛਾਬੜਾ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ |