ਸੰਗਰੂਰ, 4 ਮਈ (ਧੀਰਜ ਪਸ਼ੌਰੀਆ) - ਹੁਣ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਪੀ.ਜੀ.ਆਈ ਘਾਬਦਾਂ ਦੇ ਮੂਹਰੇ ਰੁਕਿਆ ਕਰਨਗੀਆਂ | ਇਸ ਸਬੰਧੀ ਪੀ.ਆਰ.ਟੀ.ਸੀ ਸੰਗਰੂਰ ਡਿਪੂ ਦੇ ਜਨਰਲ ਮੈਨੇਜਰ ਵੱਲੋਂ ਡਰਾਈਵਰਾਂ-ਕੰਡਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਸੰਗਰੂਰ-ਪਟਿਆਲਾ ਰੂਟ ਉੱਤੇ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਵੱਲੋਂ ਸਵਾਰੀਆਂ ਮਰੀਜ਼ਾਂ ਨੂੰ ਨਾ ਤਾਂ ਉਤਾਰਿਆ ਜਾਂਦਾ ਹੈ ਅਤੇ ਨਾ ਹੀ ਚੜ੍ਹਾਇਆ ਜਾਂਦਾ ਹੈ ਜਿਸ ਕਾਰਨ ਸਵਾਰੀਆਂ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਪੀ.ਆਰ.ਟੀ.ਸੀ ਦੇ ਸੰਗਰੂਰ ਡੀਪੂ ਵੱਲੋਂ ਡਰਾਈਵਰਾਂ-ਕੰਡਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੀ.ਜੀ.ਆਈ ਘਾਬਦਾਂ ਦੇ ਮੂਹਰੇ ਬੱਸਾਂ ਨੂੰ ਰੋਕ ਕੇ ਸਵਾਰੀਆਂ ਤੇ ਮਰੀਜ਼ਾਂ ਨੂੰ ਉਤਾਰਨਾ ਅਤੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇ | ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਡਰਾਈਵਰ-ਕੰਡਕਟਰ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ |