ਮਲੇਰਕੋਟਲਾ, 6 ਮਈ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਪਾਇਨੀਅਰ ਸਕੂਲ ਗੱਜਣਮਾਜਰਾ ਦੇ ਪਿ੍ੰਸੀਪਲ ਬੀਬਾ ਪਰਮਿੰਦਰ ਕੌਰ ਮੰਡੇਰ ਦੀ ਪੁੱਤਰੀ ਡਾ. ਹਰਮਨ ਕੌਰ ਮੰਡੇਰ ਨੇ ਇੰਗਲੈਂਡ ਦੀ ਧਰਤੀ 'ਤੇ ਸਫਲਤਾ ਦੇ ਝੰਡੇ ਗੱਡਦੇ ਹੋਏ ਆਪਣੀ ਜ਼ਿੰਦਗੀ ਅੰਦਰ ਇੱਕ ਖ਼ਾਸ ਮਰਤਬਾ ਹਾਸਿਲ ਕਰ ਕੇ ਡਾਕਟਰ ਬਣਦਿਆਂ ਆਪਣੇ ਮਾਪਿਆਂ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ | ਪਾਇਨੀਅਰ ਕਾਨਵੈਂਟ ਸਕੂਲ, ਗੱਜਣਮਾਜਰਾ ਦੀ ਪਹਿਲੀ ਵਿਦਿਆਰਥਣ ਡਾ. ਹਰਮਨ ਕੌਰ ਮੰਡੇਰ ਨੇ ਇੰਗਲੈਂਡ ਵਿੱਚ ਕਨਸਲਟੈਂਟ ਡਾਕਟਰ ਵਜੋਂ ਨੌਕਰੀ ਹਾਸਿਲ ਕਰ ਕੇ ਇੱਕ ਨਿਵੇਕਲੇ ਸਿਰੜੀ ਸੰਘਰਸ਼ ਦੀ ਦਾਸਤਾਨ ਪੇਸ਼ ਕੀਤੀ ਹੈ | ਇਹ ਉਪਲਬਧੀ ਸਿਰਫ਼ ਉਨ੍ਹਾਂ ਦੀ ਨਿੱਜੀ ਸਫਲਤਾ ਨਹੀਂ, ਸਗੋਂ ਪੂਰੇ ਪਾਇਨੀਅਰ ਪਰਿਵਾਰ ਲਈ ਇੱਕ ਪ੍ਰੇਰਣਾਦਾਇਕ ਮੀਲ ਪੱਥਰ ਹੈ | ਉਨ੍ਹਾਂ ਨੇ ਆਪਣੇ ਸਕੂਲੀ ਦਿਨਾਂ ਤੋਂ ਹੀ ਉੱਚ ਲਕਸ਼ ਨਿਰਧਾਰਿਤ ਕਰ ਕੇ ਸਖ਼ਤ ਮਿਹਨਤ ਕੀਤੀ | ਡਾਕਟਰ ਹਰਮਨ ਦੀ ਜ਼ਿੰਦਗੀ ਦੀ ਇਹ ਸਫ਼ਲ ਯਾਤਰਾ ਸਾਰੇ ਵਿਦਿਆਰਥੀਆਂ ਲਈ ਇੱਕ ਜੀਵੰਤ ਉਦਾਹਰਨ ਹੈ ਕਿ ਕਿਵੇਂ ਲਗਾਤਾਰ ਮਿਹਨਤ, ਅਨੁਸ਼ਾਸਨ ਤੇ ਸਹੀ ਮਾਰਗ ਦਰਸ਼ਨ ਨਾਲ ਕੋਈ ਵੀ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦਾ ਹੈ | ਡਾ. ਹਰਮਨ ਮੰਡੇਰ ਨੇ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਲਕਸ਼ ਨੂੰ ਸਪਸ਼ਟ ਰੱਖਣ ਤੇ ਕਦੇ ਵੀ ਹਿੰਮਤ ਨਾ ਹਾਰਨ | ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਪ੍ਰੋ. ਗੱਜਣਮਾਜਰਾ ਤੇ ਪਿ੍ੰਸੀਪਲ ਬੀਬਾ ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਇਹ ਪਲ ਸਿਰਫ਼ ਇੱਕ ਵਿਦਿਆਰਥਣ ਦੀ ਸਫਲਤਾ ਨਹੀਂ, ਸਗੋਂ ਪੂਰੇ ਸਕੂਲ ਦੀ ਮਿਹਨਤ ਤੇ ਸਮਰਪਣ ਦਾ ਨਤੀਜਾ ਹੈ | ਉਨ੍ਹਾਂ ਨੇ ਦੱਸਿਆ ਕਿ ਪਾਇਨੀਅਰ ਕਾਨਵੈਂਟ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕਰਦਾ ਰਹੇਗਾ |