ਲਹਿਰਾਗਾਗਾ, 6 ਮਈ (ਅਸ਼ੋਕ ਗਰਗ) - ਪਿੰਡ ਨੰਗਲਾ ਦੀ ਨਿਊ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਕੋਆਪਰੇਟਿਵ ਸੁਸਾਇਟੀ 'ਚ ਕਿਸਾਨਾਂ ਨੂੰ ਬਿਨਾਂ ਸਹਿਮਤੀ ਧੱਕੇ ਨਾਲ ਯੂਰੀਆ ਖਾਦ ਨਾਲ ਪਸ਼ੂ ਫੀਡ ਦੀਆਂ ਬੋਰੀਆਂ ਲਾਗ ਕੇ ਸੁਸਾਇਟੀ ਮੁਲਾਜ਼ਮਾਂ ਵਲੋਂ ਚੁਕਾਇਆ ਜਾ ਰਿਹਾ ਹੈ ਜੋ ਕੇ ਗ਼ੈਰਕਾਨੰੂਨੀ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਹਰਜਿੰਦਰ ਸਿੰਘ ਨੰਗਲਾ ਨੇ ਕਿਹਾ ਕਿ ਕਿਸਾਨਾਂ ਨੂੰ ਯੂਰੀਆ ਖਾਦ ਨਾਲ ਬਿਨਾਂ ਸਹਿਮਤੀ ਤੋਂ ਕੋਈ ਹੋਰ ਸਮਾਨ ਜਾ ਫੀਡ ਧੱਕੇ ਨਾਲ ਨਹੀਂ ਦਿੱਤਾ ਜਾ ਸਕਦਾ ਜੇਕਰ ਕੋਈ ਕੋਆਪਰੇਟਿਵ ਸੁਸਾਇਟੀ ਜਾ ਦੁਕਾਨਦਾਰ ਅਜਿਹਾ ਕਰੇਗਾ ਉਸ ਦੀ ਸ਼ਿਕਾਇਤ ਸਰਕਾਰ ਨੂੰ ਕੀਤੀ ਜਾਵੇ,ਪਰ ਇੱਥੇ ਮੁਲਾਜ਼ਮਾਂ ਵਲੋਂ ਸ਼ਰੇਆਮ ਮੁੱਖ ਮੰਤਰੀ ਦੇ ਬਿਆਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਕਿਸਾਨ ਕੋਲ ਪਸ਼ੂ ਨਹੀਂ ਹਨ ਤਾਂ ਉਹ ਕਿਸਾਨ ਧੱਕੇ ਨਾਲ ਚਕਾਈ ਫੀਡ ਕਿਸ ਨੂੰ ਪਾਏਗਾ? ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਇਹ ਧੱਕਾ ਬੰਦ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵਲੋਂ ਏ ਆਰ ਅਤੇ ਡੀ ਆਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ | ਜਦੋਂ ਇਸ ਸਬੰਧੀ ਸੁਸਾਇਟੀ ਦੀ ਸੈਕਟਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜਬਰੀ ਪਸ਼ੂ ਫੀਡ ਨਹੀਂ ਦਿੱਤਾ ਜਾ ਰਿਹਾ | ਜਿਹੜਾ ਕਿਸਾਨ ਆਪਣੀ ਸਹਿਮਤੀ ਨਾਲ ਲੈ ਕੇ ਜਾਂਦਾ ਹੈ ਉਸ ਨੂੰ ਹੀ ਸੁਸਾਇਟੀ ਵੱਲੋਂ ਮਾਰਕਫੈੱਡ ਦਾ ਪਸ਼ੂ ਫੀਡ ਦਿੱਤਾ ਜਾ ਰਿਹਾ |