ਅਹਿਮਦਗੜ੍ਹ, 6 ਮਈ (ਸੁਖਜੀਤ ਸਿੰਘ ਖੇੜਾ) - ਬੀਤੇ ਦਿਨੀਂ ਪੁਲਿਸ ਆਈ ਜੀ (ਜੀ ਆਰ ਪੀ) ਬਲਜੋਤ ਸਿੰਘ ਰਾਠੌਰ ਅਤੇ ਐਸ ਐਸ ਪੀ ਮਲੇਰਕੋਟਲਾ ਦੀ ਅਗਵਾਈ ਹੇਠ ਸਥਾਨਕ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰ ਅਹਿਮਦਗੜ੍ਹ ਵਿਖੇ ਮਾੜੇ ਅਨਸਰਾਂ 'ਤੇ ਦਹਿਸ਼ਤ ਪਾਉਣ ਲਈ ਇੱਕ (ਕਾਸੋ) ਸਰਚ ਅਪਰੇਸ਼ਨ ਮਾਰਚ ਕੱਢਿਆ ਗਿਆ, ਪਰ ਇਨ੍ਹਾਂ ਚੀਜ਼ਾਂ ਤੋਂ ਬੇਖ਼ੌਫ ਹੋ ਕੇ ਉਸੇ ਰਾਤ ਨੂੰ ਚੋਰਾਂ ਨੇ ਆਪਣੀ ਹੋਂਦ ਅਤੇ ਪੁਲਿਸ ਦੇ ਮਾਰਚ ਨੂੰ ਟਿੱਚ ਸਮਝਦੇ ਹੋਏ ਅਹਿਮਦਗੜ੍ਹ ਦੇ ਵਾਰਡ ਨੰਬਰ 5 ਭਾਈ ਵੀਰ ਸਿੰਘ ਨਗਰ ਦੇ ਅੱਧੀ ਦਰਜਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਦੀ ਨਗਦੀ ਅਤੇ ਸੋਨੇ ਦੇ ਗਹਿਣਿਆਂ ਨੂੰ ਚੋਰੀ ਕਰਨ ਨੂੰ ਅੰਜਾਮ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਬੀਰ ਸਿੰਘ ਨਗਰ ਵਿਖੇ ਬਲਵੀਰ ਸਿੰਘ ਪੱਪੀ ਦੇ ਘਰ ਦੇ ਅੱਗੇ ਖੜੇ ਮੋਟਰਸਾਈਕਲ ਨੂੰ ਕਰੀਬ 11- 12 ਵਜੇ ਚੋਰਾਂ ਵੱਲੋਂ ਚੋਰੀ ਕਰਨ ਤੋਂ ਬਾਅਦ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ 112 ਨੰਬਰ ਹੈਲਪ ਲਾਈਨ 'ਤੇ ਕਾਲ ਕੀਤੀ ਤਾਂ ਤੁਰੰਤ ਮੌਕੇ 'ਤੇ ਹੂਟਰ ਮਾਰਦੀ ਹੋਈ ਪੁਲਿਸ ਉੱਥੇ ਪਹੁੰਚ ਗਈ ਪਰ ਚੋਰਾਂ ਵੱਲੋਂ ਇਸ ਹੂਟਰ ਦੀ ਆਵਾਜ਼ ਨੂੰ ਸੁਣਨ ਤੋਂ ਬਾਅਦ ਉਸ ਮੋਟਰਸਾਈਕਲ ਨੂੰ ਸਟਾਰਟ ਨਾ ਹੋਣ ਕਾਰਨ ਕੁੱਝ ਦੂਰੀ 'ਤੇ ਖੜਾ ਕਰ ਕੇ ਆਪ ਮੁਹੱਲੇ ਦੀਆਂ ਗਲੀਆਂ ਵਿੱਚ ਲੁਕਣ ਵਿੱਚ ਕਾਮਯਾਬ ਹੋ ਗਏ ਪਰ ਜਦੋਂ ਪੁਲਿਸ ਮੋਟਰਸਾਈਕਲ ਲੱਭ ਮਾਲਕਾਂ ਨੂੰ ਸੌਂਪ ਕੇ ਉੱਥੋਂ ਚਲੀ ਗਈ ਤਾਂ ਚੋਰਾਂ ਵੱਲੋਂ ਇਸ ਮੁਹੱਲੇ ਵਿੱਚ ਹੋਰ ਬੇਖ਼ੌਫ ਹੋ ਕੇ ਕਰੀਬ 12 ਵਜੇ ਤੋਂ ਲੈ ਕੇ ਡੇਢ ਦੋ ਵਜੇ ਤੱਕ ਪੰਜ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਦੋ ਘਰਾਂ ਵਿੱਚੋਂ ਬੰਦ ਪਏ ਇੱਕ ਮਾਸਟਰ ਰਜਿੰਦਰ ਸੋਫਤ ਦੇ ਘਰ ਵਿੱਚ ਗਏ ਪਰ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਵਿਵੇਕ ਬੱਤਾ ਨੇ ਦੱਸਿਆ ਕਿ ਚੋਰ ਦੋ ਬੰਦ ਘਰਾਂ ਚੋਂ ਵਿਦੇਸ਼ ਰਹਿੰਦੇ ਮੇਰੇ ਦੋਸਤ ਮਲਵਿੰਦਰ ਸਿੰਘ ਡਾਇਮੰਡ ਦੇ ਘਰ ਵਿੱਚੋਂ ਇਕ ਲੱਖ ਨਗਦੀ, ਉਸ ਦਾ ਡੀਵੀਆਰ ਚੁੱਕ ਕੇ ਲੈ ਗਏ ਤੇ ਕੈਮਰਿਆਂ ਦੀ ਭੰਨ ਤੋੜ ਕਰ ਗਏ ਅਤੇ ਸ਼ਿਵ ਕੁਮਾਰ ਸ਼ਰਮਾ ਜੋ ਕਿ ਟੈਂਟ ਦਾ ਕੰਮ ਕਰਦਾ ਹੈ ਉਸ ਵੱਲੋਂ ਪੁਲਿਸ ਨੂੰ ਦਿੱਤੀ ਦਰਖਾਸਤ ਮੁਤਾਬਿਕ ਉਹ ਰਾਤ ਵੇਲੇ ਲੁਧਿਆਣਾ ਕਿਸੇ ਕੰਮ ਗਿਆ ਹੋਇਆ ਸੀ ਜਦਕਿ ਪਰਿਵਾਰ ਘਰ ਵਿੱਚ ਸੁੱਤਾ ਪਿਆ ਸੀ ਤੇ ਬਾਹਰੋਂ ਤਾਲਾ ਲਗਾ ਕੇ ਗਿਆ ਸੀ ਪਰ ਚੋਰਾਂ ਵੱਲੋਂ ਬੇਖ਼ੌਫ ਉਸ ਘਰ ਵਿੱਚ ਘਟਨਾ ਨੂੰ ਅੰਜਾਮ ਦਿੰਦਿਆਂ ਇੱਕ ਤੋਲਾ ਸੋਨਾ ਅਤੇ 60-70 ਹਜਾਰ ਦੀ ਨਗਦੀ ਚੋਰੀ ਕਰਕੇ ਲੈ ਗਏ | ਉਨ੍ਹਾਂ ਦੋ ਤਿੰਨ ਹੋਰ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜੋ ਬਾਹਰੋਂ ਤਾਲਾ ਲੱਗਣ ਕਾਰਨ ਬੰਦ ਪਏ ਸਨ ਜਾਂ ਮਾਲਕ ਵਿਦੇਸ਼ ਗਏ ਹੋਏ ਸਨ | ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਹਿਮਦਗੜ੍ਹ ਵਿੱਚ ਹੁਣ ਤੱਕ ਇਹ ਚੋਰ ਬੇਖ਼ੌਫ ਹੀ ਬਹੁ ਗਿਣਤੀ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧੀ ਪੁਲਿਸ ਥਾਣੇ ਵਿੱਚ ਇਹਨਾਂ ਨੇ ਚੋਰਾਂ ਨੂੰ ਫੜਨ ਲਈ ਜਾਂ ਪਛਾਣ ਕਰ ਦੱਸੇ ਹੋਏ ਚੋਰਾਂ ਬਾਰੇ ਕਾਰਵਾਈ ਲਈ ਕਹੀਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਦੀ ਘਾਟ ਦਾ ਵਾਸਤਾ ਪਾ ਕੇ ਚੋਰਾਂ ਨੂੰ ਫੜਨ ਵਿੱਚ ਬੇਬਸ ਨਜ਼ਰ ਆਉਂਦੀ ਹੈ | ਪੀੜਤਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਇਹ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਤੋਂ ਸ਼ਹਿਰ ਵਾਸੀ ਬਹੁਤ ਹੀ ਡਰ ਅਤੇ ਦਹਿਸ਼ਤ ਵਿੱਚ ਜੀਅ ਰਹੇ ਹਨ |