ਲੌਂਗੋਵਾਲ, 6 ਮਈ (ਵਿਨੋਦ, ਖੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਇਕ ਕਿਸਾਨ ਵੱਲੋਂ ਟਰਾਂਸਫ਼ਾਰਮਰ ਤਬਦੀਲ ਕਰਨ ਦੇ ਮਾਮਲੇ 'ਚ ਬਿਜਲੀ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਐਸ.ਡੀ.ਓ. ਦਫ਼ਤਰ ਲੌਂਗੋਵਾਲ ਵਿਖੇ ਧਰਨਾ ਦਿੱਤਾ ਗਿਆ | ਇਹ ਧਰਨਾ ਸੰਗਰੂਰ ਬਲਾਕ ਕਮੇਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਦਿੱਤਾ ਗਿਆ ਹੈ, ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸੁਖਦੇਵ ਸਿੰਘ ਲੌਂਗੋਵਾਲ, ਅਮਰ ਸਿੰਘ ਲੌਂਗੋਵਾਲ, ਕਰਮਜੀਤ ਕੌਰ ਭਿੰਡਰਾਂ, ਦਰਬਾਰਾ ਸਿੰਘ ਲੋਹਾਖੇੜਾ, ਬਲਜਿੰਦਰ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਮੰਡੇਰ, ਗੋਵਿੰਦਰ ਸਿੰਘ ਮੰਗਵਾਲ ਅਤੇ ਬਲਦੇਵ ਸਿੰਘ ਮੰਗਵਾਲ ਨੇ ਕਿਹਾ ਕਿ ਪਿੰਡ ਮੰਡੇਰ ਖ਼ੁਰਦ ਦੇ ਕਿਸਾਨ ਸੁਰਜੀਤ ਸਿੰਘ ਦਾ ਕੁੱਝ ਸਮਾਂ ਪਹਿਲਾਂ ਬੋਰ ਖੜ ਗਿਆ ਸੀ ਤਾਂ ਉਸ ਨੇ ਬਿਜਲੀ ਬੋਰਡ ਦੇ ਨਿਯਮਾਂ ਮੁਤਾਬਕ ਕੁੱਝ ਦੂਰੀ 'ਤੇ ਆਪਣਾ ਕਨੈੱਕਸ਼ਨ ਟਰਾਂਸਫਾਰਮਰ ਆਪਣੇ ਖਰਚੇ 'ਤੇ ਆਪ ਤਬਦੀਲ ਕਰ ਲਿਆ |