ਸੰਗਰੂਰ, 6 ਮਈ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵੱਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਚੂਰਾ ਪੋਸਤ ਦੀ ਤਸਕਰੀ ਦੇ ਇੱਕ ਮਾਮਲੇ ਵਿਚੋਂ ਟਰੱਕ ਮਾਲਕ ਨੂੰ ਟਰੱਕ ਸਮੇਤ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ ਜਦ ਕਿ ਇਸ ਮਾਮਲੇ ਵਿੱਚ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਦਸ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਮੂਨਕ ਵਿਖੇ 26 ਅਪ੍ਰੈਲ 2023 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਇੱਕ ਟਰੱਕ ਵਿਚੋਂ 15 ਥੈਲੇ ਚੂਰਾ ਪੋਸਤ ਕੁੱਲ ਵਜਨ 300 ਕਿੱਲੋ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਉਸ ਦੇ ਡਰਾਈਵਰ ਪ੍ਰਗਟ ਸਿੰਘ ਅਤੇ ਕੰਡਕਟਰ ਮੋਹਨ ਸਿੰਘ ਦੇ ਨਾਲ-ਨਾਲ ਟਰੱਕ ਮਾਲਕ ਬਲਵਿੰਦਰ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ | ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਟਰੱਕ ਦੇ ਮਾਲਕ ਬਲਵਿੰਦਰ ਸਿੰਘ ਨੂੰ ਟਰੱਕ ਸਮੇਤ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ ਜਦੋਂ ਕਿ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਦਸ- ਦਸ ਸਾਲ ਦੀ ਕੈਦ ਅਤੇ ਇੱਕ- ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |