ਲਹਿਰਾਗਾਗਾ, 6 ਮਈ (ਅਸ਼ੋਕ ਗਰਗ) - ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕੈਬਨਿਟ ਮੰਤਰੀ, ਬਰਿੰਦਰ ਗੋਇਲ ਵੱਲੋਂ ਹਲਕਾ ਲਹਿਰਾਗਾਗਾ ਦੇ ਪਿੰਡਾਂ ਪਿੰਡ ਰਾਮਗੜ੍ਹ ਸੰਧੂਆਂ ਤੇ ਭਾਈ ਕੀ ਪਿਸ਼ੌਰ ਵਿਖੇ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਸ਼੍ਰੀ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾਗਾਗਾ ਵਿੱਚ 04 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ 3 ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਵਧੀਆ ਸਹੂਲਤਾਂ ਪ੍ਰਾਪਤ ਹੋਣਗੀਆਂ | ਇਨ੍ਹਾਂ ਪ੍ਰੋਜੈਕਟਾਂ ਵਿੱਚ ਪਿੰਡ ਰਾਮਗੜ੍ਹ ਸੰਧੂਆਂ ਤੋਂ ਨੰਗਲਾ ਅਤੇ ਸ਼ਿਵ ਮੰਦਰ ਤੱਕ 03.62 ਕਿਲੋਮੀਟਰ ਲੰਬੀ ਸੜਕ ਕਰੀਬ 01 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ | ਇਸ ਤੋਂ ਇਲਾਵਾ ਖਾਈ ਰਾਮਗੜ੍ਹ ਸੰਧੂਆਂ ਸੜਕ ਤੋਂ ਖਾਈ ਅੜਵਾਸ ਸੜਕ ਤਕ 02.65 ਕਿਲੋਮੀਟਰ ਲੰਬੀ ਸੜਕ ਕਰੀਬ 01 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ | ਪਿੰਡ ਭਾਈ ਕੀ ਪਿਸ਼ੌਰ ਦੀ ਫਿਰਨੀ ਤੋਂ ਸਮਾਧ ਭੰਗੂਆਂ ਤੱਕ 2.21 ਕਿਲੋਮੀਟਰ ਲੰਬੀ ਸੜਕ ਕਰੀਬ 01 ਕਰੋੜ 05 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ ਵੀ ਮੌਜੂਦ ਸਨ |