ਭੁੱਚੋ ਮੰਡੀ, 9 ਮਈ (ਬਿੱਕਰ ਸਿੰਘ ਸਿੱਧੂ)- ਭੁੱਚੋ ਕਲਾਂ ਦੇ ਬਾਬਾ ਖੇਮ ਸਿੰਘ ਖੇਡ ਸਟੇਡੀਅਮ ਵਿਖੇ ਸਮੂਹ ਨਗਰ ਤੇ ਪਿੰਡ ਦੀ ਟੂਰਨਾਮੈਂਟ ਕਮੇਟੀ ਵਲੋਂ ਲੜਕੀਆਂ ਦੇ ਵੱਖ-ਵੱਖ ਵਜਨੀਂ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ | ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਰਾਂ ਵਲੋਂ ਕੀਤਾ ਗਿਆ, ਉਨ੍ਹਾਂ ਦੇ ਨਾਲ ਵੈਦ ਮੱਖਣ ਸਰਾਂ ਅਤੇ ਸਰਪੰਚ ਕਰਨੈਲ ਸਿੰਘ ਫ਼ੌਜੀ ਵੀ ਹਾਜ਼ਰ ਰਹੇ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਤੇ ਬਲਦੇਵ ਸਿੰਘ ਆਕਲੀਆ ਮੁੱਖ ਮਹਿਮਾਨ ਵਜੋਂ ਟੂਰਨਾਮੈਂਟ ਚ ਸ਼ਾਮਿਲ ਹੋਏ | ਟੂਰਨਾਮੈਂਟ ਦੌਰਾਨ 53 ਤੇ 24 ਕਿੱਲੋ ਵਰਗ 'ਚ ਲੜਕੀਆਂ ਦੀਆਂ ਵੱਖ-ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ | ਮਲੂਕਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਹੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਜੀਵਨ ਵਿਚ ਅਨੁਸ਼ਾਸਨ ਅਤੇ ਉਸਾਰੂ ਸੋਚ ਲੈ ਕੇ ਆਉਂਦੀਆਂ ਹਨ | ਲੜਕੀਆਂ ਨੂੰ ਜੀਵਨ 'ਚ ਅੱਗੇ ਵਧਣ ਲਈ ਕਲਪਨਾ ਚਾਵਲਾ, ਪੀ.ਵੀ.ਸਿੱਧੂ, ਸਾਨੀਆ ਮਿਰਜ਼ਾ ਤੇ ਹਰਮਨਪ੍ਰੀਤ ਕੌਰ ਨੂੰ ਆਦਰਸ਼ ਮੰਨ ਕੇ ਮਿਹਨਤ ਕਰਨੀ ਚਾਹੀਦੀ ਹੈ | ਬਲਕਰਨ ਸਿੰਘ ਸਿੱਧੂ ਕੁੱਤੀਵਾਲ ਅਤੇ ਰਾਜਵੀਰ ਕੌਰ ਸਿੱਧੂ ਕਬੱਡੀ ਸਪੋਟਰ ਵਲੋਂ ਜੇਤੂ ਟੀਮਾਂ ਬੁਰਜ ਹਮੀਰਾ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਬੰਨਾਂਵਾਲਾ ਫ਼ਾਜ਼ਿਲਕਾ ਦੀ ਟੀਮ ਨੂੰ ਜੇਤੂ ਟਰਾਫ਼ੀ ਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ | ਪ੍ਰਬੰਧਕੀ ਕਮੇਟੀ ਅਤੇ ਸਮੂਹ ਨਗਰ ਪੰਚਾਇਤ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |