ਗੰਦੇ ਪਾਣੀ ਨੇ ਬਣਾਇਆ ਅਲੀਪੁਰ ਖ਼ਾਲਸਾ ਨੂੰ ਬਿਮਾਰੀਆਂ ਦਾ ਘਰ
ਅਜੀਤ ਡੈਸਕ
15-05-2026
ਸ਼ੇਰਪੁਰ, 14 ਮਈ (ਮੇਘ ਰਾਜ ਜੋਸ਼ੀ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਪੁਰ ਖ਼ਾਲਸਾ ਵਿਚ ਛੱਪੜ ਦੇ ਗੰਦੇ ਪਾਣੀ ਨੇ ਪਿੰਡ ਵਾਸੀਆਂ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਦਿੱਤੀ ਹੈ | ਛੱਪੜ ਪਾਣੀ ਨਾਲ ਭਰਿਆ ਹੋਣ ਕਰ ਕੇ ਨਾਲੀਆਂ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ | ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਗੰਦੇ ਅਤੇ ਪ੍ਰਦੂਸ਼ਿਤ ਪਾਣੀ ਕਾਰਨ ਪਿੰਡ ਵਿਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਕਾਰਨ ਦਰਜਨਾਂ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ | ਪਿੰਡ ਵਾਸੀਆਂ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਵੀਡੀਓ ਜਾਰੀ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣਾ ਦਰਦ ਦੱਸਿਆ ਗਿਆ | ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਦੌਰਾਨ ਛੱਪੜ ਦਾ ਗੰਦਾ ਪਾਣੀ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਅਤੇ ਪੀਣ ਵਾਲੀ ਪਾਣੀ ਦੀ ਟੈਂਕੀ ਵਿਚ ਵੀ ਮਿਲ ਜਾਂਦਾ ਹੈ | ਇਸ ਕਾਰਨ ਘਰਾਂ ਵਿਚ ਟੂਟੀਆਂ ਰਾਹੀਂ ਆਉਣ ਵਾਲਾ ਪਾਣੀ ਵੀ ਗੰਦਾ ਹੋ ਜਾਂਦਾ ਹੈ ਅਤੇ ਲੋਕ ਮਜਬੂਰੀ ਵਿਚ ਉਹੀ ਪਾਣੀ ਵਰਤਣ ਲਈ ਮਜਬੂਰ ਹਨ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਈ ਪਰਿਵਾਰਾਂ ਦੇ ਮੈਂਬਰ ਕੈਂਸਰ, ਕਾਲਾ ਪੀਲੀਆ, ਚਮੜੀ ਅਤੇ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਇਹ ਸਮੱਸਿਆ ਚੱਲ ਰਹੀ ਹੈ, ਪਰ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਵਿਭਾਗਾਂ ਵੱਲੋਂ ਕੋਈ ਪੱਕਾ ਹੱਲ ਕੀਤਾ ਗਿਆ ਹੈ | ਲੋਕਾਂ ਮੁਤਾਬਿਕ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ | ਹਰਜੀਤ ਸਿੰਘ ਖਿਆਲੀ, ਬਲਵਿੰਦਰ ਸਿੰਘ, ਜੱਗਾ ਸਿੰਘ, ਰਣਜੀਤ ਕੌਰ, ਕਮਲਜੀਤ ਕੌਰ, ਚਮਕੌਰ ਸਿੰਘ, ਅਮਨਦੀਪ ਕੌਰ, ਜਦਵੀਰ ਸਿੰਘ ਆਦਿ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਛੱਪੜ ਦੇ ਗੰਦੇ ਪਾਣੀ ਦੀ ਤੁਰੰਤ ਨਿਕਾਸੀ ਕੀਤੀ ਜਾਵੇ, ਪਿੰਡ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾਵੇ | ਸਰਪੰਚ ਚਮਕੌਰ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਵੱਖ-ਵੱਖ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਪਾਈਪ ਲਾਈਨ ਪਾ ਕੇ ਪਾਣੀ ਦੀ ਨਿਕਾਸੀ ਦੇ ਹੱਲ ਸਬੰਧੀ ਮੰਗ ਪੱਤਰ ਵੀ ਦਿੱਤੇ ਗਏ ਹਨ | ਜਲਦੀ ਹੀ ਪਾਣੀ ਦਾ ਹੱਲ ਕੀਤਾ ਜਾਵੇਗਾ |