ਸੰਗਰੂਰ, 16 ਮਈ (ਸੁਖਵਿੰਦਰ ਸਿੰਘ ਫੁੱਲ) - ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਾਜਿੰਦਰ ਕੌਰ ਦੀ ਅਗਵਾਈ ਵਿੱਚ ਵਿਸ਼ਵ ਹੈਲਥ ਪਾਰਟਨਰਸ ਅਤੇ ਸਾਥੀ ਸੰਸਥਾ ਦੇ ਸਹਿਯੋਗ ਨਾਲ ਬੱਚਿਆਂ ਦੇ ਵਿੱਚ ਹੋਣ ਵਾਲੀ ਟੀ ਬੀ ਦੀ ਬਿਮਾਰੀ ਸਬੰਧੀ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ ਗਈ | ਟਰੇਨਿੰਗ ਦੌਰਾਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਟੀ ਬੀ ਦੇ ਲੱਛਣ, ਇਲਾਜ ਅਤੇ ਪ੍ਰਬੰਧਨ ਵਿੱਚ ਸਿਹਤ ਪੇਸ਼ਾਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਹੈ | ਡਾ. ਰਾਜਿੰਦਰ ਕੌਰ ਨੇ ਦੱਸਿਆ ਕਿ ਜ਼ੀਰੋ ਤੋਂ 14 ਸਾਲ ਤੱਕ ਦੇ ਬੱਚਿਆਂ ਵਿੱਚ ਦੋ ਹਫ਼ਤਿਆਂ ਤੋਂ ਵੱਧ ਖੰਘ ਅਤੇ ਬੁਖ਼ਾਰ, ਭਾਰ ਦਾ ਘਟਨਾ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀ ਬੀ ਦੇ ਲੱਛਣ ਹੋ ਸਕਦੇ ਹਨ | ਅਜਿਹੇ ਲੱਛਣ ਹੋਣ ਤੇ ਤੁਰੰਤ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਸਰਕਾਰੀ ਟੀ ਬੀ ਹਸਪਤਾਲ ਵਿਖੇ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਮੌਜੂਦ ਸਟੇਟ ਟੈਕਨੀਕਲ ਮੈਨੇਜਰ ਡਾ. ਸਤੀਸ਼ ਨੇ ਕਿਹਾ ਕਿ ਬੱਚੇ ਦੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਢ ਦੇਖਣ ਤੇ ਤੁਰੰਤ ਹਸਪਤਾਲ ਵਿੱਚ ਉਸ ਦੀ ਜਾਂਚ ਕਰਵਾਓ ਟੀ ਬੀ ਤੇ ਲੱਛਣਾਂ ਸਬੰਧੀ ਆਸ਼ਾ, ਆਂਗਣਵਾੜੀ ਵਰਕਰਾਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਟੀ ਬੀ ਦੇ ਲੱਛਣ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਟੀ ਬੀ ਦੀ ਜਲਦੀ ਪਹਿਚਾਣ ਜਾਂਚ ਤੇ ਇਲਾਜ ਨਾਲ ਬੱਚਿਆਂ ਵਿੱਚ ਟੀ ਬੀ ਦੀ ਬਿਮਾਰੀ ਦੀ ਰੋਕਥਾਮ ਕਰ ਸਕਦੇ ਹਾਂ | ਇਸ ਮੌਕੇ ਡਾ. ਅਮਨਜੋਤ ਕੌਰ ਸਕੂਲ ਹੈਲਥ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਟੀ ਬੀ ਦੀ ਬਿਮਾਰੀ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਕਿਉਂਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਤੇ ਉਸ ਦੇ ਸੈਂਪਲ ਲੈਣ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ, ਜਿਸ ਕਾਰਨ ਬੱਚਿਆਂ ਰਾਹੀਂ ਟੀ ਬੀ ਦੀ ਬਿਮਾਰੀ ਦੇ ਦੂਜਿਆਂ ਤੱਕ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ | ਇਸ ਟਰੇਨਿੰਗ ਦੌਰਾਨ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਜਗਤਾਰ ਸਿੰਘ, ਅਮਿਤ ਕੁਮਾਰ ਟੀ ਬੀ ਕਲੀਨਿਕ ਦਾ ਸਮੂਹ ਸਟਾਫ ਹਾਜ਼ਰ ਸਨ |