ਸੰਗਰੂਰ, 21 ਮਈ (ਚੌਧਰੀ ਨੰਦ ਲਾਲ ਗਾਂਧੀ) ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਸੂਬਾ ਜਨਰਲ ਸਕੱਤਰ ਵਰਿੰਦਰਜੀਤ ਸਿੰਘ ਬਜਾਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਨੇ ਪੰਜਾਬ 'ਚ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ | ਵਾਲੀਆ ਅਤੇ ਬਜਾਜ ਨੇ ਕਿਹਾ ਕਿ ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚ ਪਾਰਾ 47 ਡਿਗਰੀ ਸੈਂਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਹੋਰ ਕਿਹਾ ਕਿ ਦੁਪਹਿਰ ਵੇਲੇ ਜਦੋਂ ਛੁੱਟੀ ਹੁੰਦੀ ਹੈ ਤਾਂ ਸੂਰਜ ਦੀ ਤਪ ਸਿਖਰ 'ਤੇ ਹੁੰਦੀ ਹੈ, ਜਿਸ ਕਾਰਨ ਵਿਦਿਆਰਥੀਆਂ ਦੇ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ | ਅਧਿਆਪਕ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਾਸੋਂ ਵਧ ਰਹੀ ਗਰਮੀ ਕਾਰਨ ਗਰਮੀ ਦੀਆਂ ਛੁੱਟੀਆਂ ਤੁਰੰਤ ਕਰਨ ਦੀ ਮੰਗ ਕੀਤੀ ਹੈ |