ਸੰਗਰੂਰ, 21 ਮਈ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਦੀਆਂ ਸੁਨਾਮ, ਧੂਰੀ, ਭਵਾਨੀਗੜ੍ਹ ਅਤੇ ਲੌਂਗੋਵਾਲ ਦੀਆਂ ਨਗਰ ਕੌਂਸਲਾਂ ਲਈ 26 ਮਈ ਨੂੰ ਹੋ ਰਹੀਆਂ ਚੋਣਾਂ ਲਈ ਕਈਆਂ ਦੀਆਂ ਨਾਮਜ਼ਦਗੀਆਂ ਰੱਦ ਅਤੇ ਕਈਆਂ ਵਲੋਂ ਨਾਮਜ਼ਦਗੀਆਂ ਵਾਪਸ ਲੈ ਜਾਣ ਤੋਂ ਪਿੱਛੋਂ ਹੁਣ 262 ਉਮੀਦਵਾਰ ਚੋਣ ਮੈਦਾਨ ਵਿੱਚ ਹਨ | ਨਗਰ ਕੌਂਸਲ ਧੂਰੀ ਜਿੱਥੇ ਕੁੱਲ 21 ਵਾਰਡ ਹਨ ਵਿਖੇ ਪੰਜ ਵਾਰਡਾਂ ਦੀ ਚੋਣ ਬਿਨਾਂ ਮੁਕਾਬਲਾ ਹੋ ਚੁੱਕੀ ਹੈ | ਧੂਰੀ ਦੇ ਵਾਰਡ ਨੰਬਰ 2 ਵਿਖੇ ਆਮ ਆਦਮੀ ਪਾਰਟੀ ਦੇ ਪੁਸ਼ਪਿੰਦਰ ਸ਼ਰਮਾ, ਵਾਰਡ ਨੰਬਰ 03 ਵਿਖੇ ਆਮ ਆਦਮੀ ਪਾਰਟੀ ਦੇ ਸ਼੍ਰੀਮਤੀ ਕਿਰਨ ਸ਼ਰਮਾ, ਵਾਰਡ ਨੰਬਰ 06 ਵਿੱਚ ਆਮ ਆਦਮੀ ਪਾਰਟੀ ਦੇ ਅਸ਼ਵਨੀ ਧੀਰ, ਵਾਰਡ ਨੰਬਰ 12 ਵਿਖੇ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਜ ਅਤੇ ਵਾਰਡ ਨੰਬਰ 11 ਵਿਖੇ ਆਮ ਆਦਮੀ ਪਾਰਟੀ ਦੇ ਸ਼ਸ਼ੀ ਰਾਣੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ | ਇਸੇ ਤਰ੍ਹਾਂ ਨਗਰ ਕੌਂਸਲ ਸੁਨਾਮ ਦੇ ਦੋ ਵਾਰਡਾਂ 'ਚ ਵੀ ਚੋਣ ਬਿਨਾਂ ਮੁਕਾਬਲਾ ਹੋ ਚੁੱਕੀ ਹੈ | ਵਾਰਡ ਨੰਬਰ 2 ਵਿਖੇ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਅਤੇ ਵਾਰਡ ਨੰਬਰ 6 ਵਿਖੇ ਆਮ ਆਦਮੀ ਪਾਰਟੀ ਦੇ ਵਰਨ ਮਦਾਨ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ |