ਛਾਜਲੀ, 24 ਮਈ (ਅਜਾਇਬ ਸਿੰਘ ਨੀਲੋਵਾਲ) - ਪਿੰਡ ਛਾਜਲੀ 'ਚ ਖੇਤਾਂ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਇਕ ਘਰ ਦੇ ਪਿਛਲੇ ਹਿੱਸੇ ਵਿੱਚ ਪਈ ਤੂੜੀ ਅਤੇ ਲੱਕੜਾਂ ਨੂੰ ਅੱਗ ਲੱਗ ਗਈ | ਅੱਗ ਤੂੜੀ ਵਾਲੇ ਕਮਰੇ ਤੱਕ ਪਹੁੰਚ ਗਈ, ਜਿਸ ਨਾਲ ਤੂੜੀ, ਲੈਟਰਾਂ ਅਤੇ ਹੋਰ ਸਾਮਾਨ ਦਾ ਕਾਫੀ ਨੁਕਸਾਨ ਹੋਇਆ | ਪੀੜਤ ਪਰਿਵਾਰ ਦੇ ਮੈਂਬਰ ਵੀਰ ਇੰਦਰ ਸਿੰਘ ਨੇ ਦੱਸਿਆ ਕਿ ਉਹ ਘਰ ਅੰਦਰ ਸਨ, ਜਦੋਂ ਗੁਆਂਢੀਆਂ ਨੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਚਿੰਗਾਰੀਆਂ ਕੰਧ ਦੀਆਂ ਵਿਰਲਾਂ ਰਾਹੀਂ ਅੰਦਰ ਵੜ ਗਈਆਂ ਅਤੇ ਤੂੜੀ ਨੂੰ ਅੱਗ ਲੱਗ ਗਈ | ਉਨ੍ਹਾਂ ਮੁਤਾਬਕ ਘਰ ਵਿੱਚ ਪਈਆਂ 10 ਤੋਂ 12 ਟਰਾਲੀਆਂ ਤੂੜੀ 'ਚੋਂ ਕਾਫੀ ਹਿੱਸਾ ਸੜ ਗਿਆ, ਜਦਕਿ ਲੈਟਰਾਂ ਅਤੇ ਹੋਰ ਸਾਮਾਨ ਨੂੰ ਵੀ ਸੇਕ ਲੱਗਾ ਹੈ | ਪੰਚਾਇਤ ਮੈਂਬਰ ਹੁਸੀ ਨੇ ਦੱਸਿਆ ਕਿ ਫਾਇਰ ਬਿ੍ਗੇਡ ਅਤੇ ਪਿੰਡ ਵਾਸੀਆਂ ਵੱਲੋਂ ਪਾਣੀ ਪਾਉਣ ਕਾਰਨ ਬਚੀ ਹੋਈ ਤੂੜੀ ਵੀ ਗਿੱਲੀ ਹੋ ਗਈ ਹੈ | ਉਨ੍ਹਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਗ੍ਰੀਨ ਐਸ ਵੈੱਲਫੇਅਰ ਫੋਰਸ ਦੇ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਸੇਵਾਦਾਰ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਪੁਲਿਸ ਅਧਿਕਾਰੀ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਕਾਰਨ ਚਿੰਗਾਰੀਆਂ ਉੱਡ ਕੇ ਨੇੜਲੇ ਘਰ ਤੱਕ ਪਹੁੰਚ ਗਈਆਂ | ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ |