ਮਲੇਰਕੋਟਲਾ, 24 ਮਈ (ਮੁਹੰਮਦ ਹਨੀਫ਼ ਥਿੰਦ)- ਰਾਜਵਿੰਦਰ ਸਿੰਘ ਰੰਧਾਵਾ ਕਪਤਾਨ ਪੁਲਿਸ ਪੀ.ਬੀ.ਆਈ ਮਲੇਰਕੋਟਲਾ ਦੀ ਟੀਮ ਨੇ 22 ਮਈ ਦੀ ਸ਼ਾਮ ਨੂੰ ਪਿੰਡ ਕੰਗਣਵਾਲ ਵਿਖੇ ਘਰ 'ਚ ਵੜ ਕੇ 2 ਵਿਅਕਤੀਆਂ ਵਲੋਂ ਇਕ ਵਿਅਕਤੀ ਨੂੰ ਗਲਾ ਘੁੱਟ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ | ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮਲੇਰਕੋਟਲਾ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪ੍ਰੈੱਸ ਕਾਨਫ਼ਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਦਾਅਵਾ ਕਰਦਿਆਂ ਦੱਸਿਆ ਕਿ 22 ਮਈ ਨੂੰ 112 ਹੈਲਪਲਾਈਨ ਕੰਟਰੋਲ ਰੂਮ ਮਲੇਰਕੋਟਲਾ ਵਿਖੇ ਪੁਲਿਸ ਨੂੰ ਇਕ ਸੁਨੇਹਾ ਮਿਲਿਆ ਸੀ ਕਿ ਪਿੰਡ ਕੰਗਣਵਾਲ ਵਿਖੇ ਇਕ ਵਿਅਕਤੀ ਦਾ ਕਤਲ ਹੋਇਆ ਹੈ, ਜਿਸ ਸਬੰਧੀ ਮੁੱਖ ਅਫ਼ਸਰ ਥਾਣਾ ਸਦਰ ਅਹਿਮਦਗੜ੍ਹ ਵਲੋਂ ਘਟਨਾ ਸਥਾਨ ਤੇ ਪੁੱਜ ਕੇ ਬਾਰੀਕੀ ਨਾਲ ਜਾਂਚ-ਪੜਤਾਲ ਸ਼ੁਰੂ ਕੀਤੀ ਗਈ ਤਾਂ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮੌਕੇ 'ਤੇ ਮੌਜੂਦ ਮਨਦੀਪ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਪਿੰਡ ਕੰਗਣਵਾਲ ਦਾ ਬਿਆਨ ਤਹਿਰੀਰ ਕੀਤਾ ਗਿਆ, ਜਿਸ ਨੇ ਦੱਸਿਆ ਕਿ ਮਿ੍ਤਕ ਹਰਬਿੰਦਰ ਸਿੰਘ ਉਰਫ਼ ਬਿੰਦਾ ਉਸ ਦੇ ਤਾਏ ਦਾ ਲੜਕਾ ਹੈ, ਜੋ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ, ਜਦੋਂ ਉਹ ਸ਼ਾਮ ਦੇ ਸਮੇਂ ਆਪਣੇ ਕੰਮ ਤੋਂ ਘਰ ਆਇਆ ਤਾਂ ਹਰਬਿੰਦਰ ਸਿੰਘ ਉਰਫ਼ ਬਿੰਦਾ ਦੇ ਘਰ ਗਿਆ, ਜੋ ਕਿਤੇ ਵੀ ਨਹੀਂ ਮਿਲਿਆ, ਜਿਸ ਦੀ ਤਲਾਸ਼ ਕਰਨ 'ਤੇ ਹਰਬਿੰਦਰ ਸਿੰਘ ਉਰਫ਼ ਬਿੰਦਾ ਦੀ ਲਾਸ਼ ਕਬੂਤਰਾਂ ਵਾਲੇ ਕਮਰੇ ਵਿਚ ਮਿਲੀ, ਜਿਸ ਦੇ ਹੱਥ ਪੈਰ ਬੰਨÉੇ ਹੋਏ ਸਨ, ਜਿਸ ਕਰ ਕੇ ਉਕਤ ਮੁਕੱਦਮਾ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਕਤਲ ਕੀਤੇ ਗਏ ਵਿਅਕਤੀ ਦੇ ਦੋਸ਼ੀਆਂ ਦਾ ਖੁਰਾ ਖੋਜ ਲੱਭਣ ਲਈ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਵਲੋਂ ਮੇਰੀ ਨਿਗਰਾਨੀ ਹੇਠ ਕਮੇਟੀ ਬਣਾਈ ਗਈ, ਜਿਸ ਵਿਚ ਦੀਪਇੰਦਰਪਾਲ ਸਿੰਘ ਜੇਜੀ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਮਲੇਰਕੋਟਲਾ, ਇੰਦਰਪਾਲ ਸਿੰਘ ਚੌਹਾਨ ਸਿੰਘ ਉਪ ਕਪਤਾਨ ਪੁਲਿਸ ਅਹਿਮਦਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਹੋਰਾਣਾ ਅਤੇ ਇੰਸਪੈਕਟਰ ਗੁਰਪ੍ਰੀਤ ਕੌਰ ਸਿੱਧੂ ਮੁੱਖ ਅਫ਼ਸਰ ਥਾਣਾ ਸਦਰ ਅਹਿਮਦਗੜ੍ਹ ਵੱਲੋਂ ਘਟਨਾ ਸਥਾਨ ਤੋਂ ਫ਼ੈਰੋਂਸਿਕ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕਰ ਕੇ ਤਕਨੀਕੀ ਤਰੀਕੇ ਨਾਲ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮਨਦੀਪ ਸਿੰਘ ਉਰਫ਼ ਕਾਲਾ ਪੁੱਤਰ ਕਮਿੱਕਰ ਸਿੰਘ ਵਾਸੀ ਪਿੰਡ ਕੰਗਣਵਾਲ ਅਤੇ ਸਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਸੌਂਧਾ ਸਿੰਘ ਵਾਲਾ ਹਾਲ ਵਾਸੀ ਸੰਦੌੜ ਨੂੰ ਮੁਕੱਦਮਾ ਵਿਚ ਸ਼ੱਕ ਦੇ ਆਧਾਰ ਸ਼ਾਮਿਲ ਕਰ ਕੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਿ੍ਤਕ ਹਰਬਿੰਦਰ ਸਿੰਘ ਉਰਫ਼ ਬਿੰਦਾ ਉਕਤ ਨਾਲ ਪੈਸਿਆਂ ਦਾ ਲੈਣ ਦੇਣ ਹੋਣ ਕਰ ਕੇ ਜਾਣ ਪਛਾਣ ਸੀ, ਜਿਸ ਕਰ ਕੇ ਉਨ੍ਹਾਂ ਵੱਲੋਂ ਆਪਣਾ ਕੁੱਝ ਸਮਾਨ ਮਿ੍ਤਕ ਹਰਬਿੰਦਰ ਸਿੰਘ ਉਕਤ ਪਾਸ ਗਿਰਵੀ ਰੱਖ ਕੇ ਉਸ ਕੋਲੋਂ ਪੈਸੇ ਲਏ ਗਏ ਸਨ, ਜੋ ਹੁਣ ਹਰਬਿੰਦਰ ਸਿੰਘ ਉਰਫ਼ ਬਿੰਦਾ ਉਕਤ ਉਨ੍ਹਾਂ ਪਾਸੋਂ ਆਪਣੇ ਪੈਸੇ ਵਾਪਸ ਮੰਗਦਾ ਸੀ, ਇਸ ਲਈ ਉਨ੍ਹਾਂ ਵੱਲੋਂ ਹਰਬਿੰਦਰ ਸਿੰਘ-ਉਕਤ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਸੀ | ਪ੍ਰੰਤੂ ਹਰਬਿੰਦਰ ਸਿੰਘ ਰੌਲਾ ਪਾਉਣ ਲੱਗ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਰਬਿੰਦਰ ਸਿੰਘ ਦਾ ਮੂੰਹ ਬੰਨ੍ਹ ਕੇ ਗਲਾ ਘੁੱਟ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਬੂਤਰਾਂ ਵਾਲੇ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਸੀ | ਕਿਉਂਕਿ ਮਿ੍ਤਕ ਵਿਅਕਤੀ ਕਬੂਤਰ ਉਡਾਉਣ ਦਾ ਸ਼ੌਕੀਨ ਸੀ | ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੂੰ 23 ਮਈ ਨੂੰ ਮੁਕੱਦਮਾ 'ਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |