ਮਲੇਰਕੋਟਲਾ, 24 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਅੰਦਰ ਹੋ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮਲੇਰਕੋਟਲਾ ਪਹੁੰਚੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਪੰਜਾਬ ਅੰਦਰ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ 'ਤੇ ਸੂਬੇ ਅੰਦਰ ਹੋਰਾਂ ਸੂਬਿਆਂ ਦੇ ਮੁਕਾਬਲੇ ਦੁੱਗਣਾ ਵਿਕਾਸ ਕੀਤਾ ਜਾਵੇਗਾ | ਕੇਂਦਰੀ ਮੰਤਰੀ ਬਿੱਟੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਭਾਰਤ ਦੇ ਅੰਦਰ ਸਿੱਖਾਂ ਨੂੰ ਵੱਡਾ ਮਾਣ ਮਿਲ ਰਿਹਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮਨਾਉਣ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਸੂਬਿਆਂ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ | ਅਜਿਹੇ ਹੀ ਵਿਕਾਸ ਕਾਰਜ ਪੰਜਾਬ ਅੰਦਰ ਸਰਕਾਰ ਬਣਨ 'ਤੇ ਕਰਵਾਏ ਜਾਣਗੇ | ਕੇਂਦਰੀ ਮੰਤਰੀ ਨੇ ਆਖਿਆ ਕਿ ਮਲੇਰਕੋਟਲਾ ਵਾਸੀਆਂ ਦੀ ਮੰਗ 'ਤੇ ਮਲੇਰਕੋਟਲਾ ਸਟੇਸ਼ਨ ਵਿਖੇ ਟਰੇਨਾਂ ਰੋਕਣ ਸਬੰਧੀ ਵੀ ਜਲਦੀ ਮੰਗ ਪੂਰੀ ਕੀਤੀ ਜਾਵੇਗੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ, ਸੀਨੀਅਰ ਆਗੂ ਅੰਕੂ ਜ਼ਖ਼ਮੀ, ਮਨਪ੍ਰੀਤ ਸਿੰਘ ਬੱਗਾ, ਅਮਨ ਥਾਪਰ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਉਮੀਦਵਾਰ ਹਾਜ਼ਰ ਸਨ |