ਸੰਗਰੂਰ, 28 ਮਈ (ਅਮਨਦੀਪ ਸਿੰਘ ਬਿੱਟਾ) - ਵੈੱਲਫੇਅਰ ਸੁਸਾਇਟੀ ਸੰਗਰੂਰ ਵਲੋਂ ਬਾਇਓਡਾਈਵਰਸਟੀ ਅਥਾਰਿਟੀ ਆਫ਼ ਇੰਡੀਆ ਭਾਰਤ ਸਰਕਾਰ ਅਤੇ ਪੰਜਾਬ ਬਾਇਓਡਾਈਵਰਸਿਟੀ ਬੋਰਡ ਦੇ ਸਹਿਯੋਗ ਦੇ ਨਾਲ ਸਨਰਾਈਜ਼ ਪਬਲਿਕ ਸਕੂਲ ਵਿਖੇ ਜੈਵਿਕ ਵਿਭਿੰਨਤਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਆਪਣੇ ਆਲੇ ਦੁਆਲੇ ਦੇ ਜੀਵ, ਜੰਤੂਆਂ, ਵੇਲ ਬੂਟਿਆਂ, ਪੌਦਿਆਂ ਅਤੇ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਦਇਆ ਭਾਵਨਾ ਨਾਲ ਪੇਸ਼ ਆਉਣਾ ਸੀ | ਸੁਸਾਇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਲੱਡੀ ਨੇ ਦੱਸਿਆ ਕਿ ਸੰਸਥਾ ਵੱਲੋਂ ਜੈਵਿਕ ਅਨੇਕਤਾ ਨੂੰ ਬਚਾਉਣ ਦੇ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਜੈਵਿਕ ਅਨੇਕਤਾ ਦੀ ਲੋੜ ਮਹੱਤਤਾ ਅਤੇ ਭਵਿੱਖ ਵਿੱਚ ਬਚਾਉਣ ਦੇ ਉਪਰਾਲਿਆਂ ਤੇ ਚਰਚਾ ਕੀਤੀ ਗਈ | ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਜੈਵਿਕ ਅਨੇਕਤਾ ਦੇ ਨਾਲ ਹੀ ਸਾਡੀ ਸਿ੍ਸ਼ਟੀ ਚੱਲ ਰਹੀ ਹੈ | ਉੱਘੇ ਸਹਿਤਕਾਰ ਅਤੇ ਵਿਗਿਆਨਿਕ ਸੋਚ ਦੇ ਪ੍ਰਚਾਰਕ ਕੁਲਵੰਤ ਕਸਕ ਨੇ ਕਿਹਾ ਕਿ ਸਾਨੂੰ ਹਰ ਵਿਅਕਤੀ ਨੂੰ ਜੈਵਿਕ ਅਨੇਕਤਾ ਕਾਇਮ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਸਮਾਗਮ ਦੌਰਾਨ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਵਿਦਿਆਰਥੀਆਂ ਨੂੰ ਹਵਾ, ਪਾਣੀ, ਭੂਮੀ ਅਤੇ ਜੰਗਲਾਂ ਦੀ ਹਿਫ਼ਾਜ਼ਤ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਮਿੱਟੀ ਦੇ ਕਟੋਰੇ ਅਤੇ ਬਣਾਉਟੀ ਆਲ੍ਹਣਿਆਂ ਦੀ ਵੰਡ ਕੀਤੀ ਗਈ | ਸਮਾਗਮ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ ਦਿਨੇਸ਼ ਕੁਮਾਰ ਖੰਨਾ ਨੇ ਸੁਸਾਇਟੀ ਵੱਲੋਂ ਆਯੋਜਿਤ ਸਮਾਗਮ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਵਿਦਿਆਰਥੀ ਭਵਿੱਖ ਵਿੱਚ ਜੈਵਿਕ ਅਨੇਕਤਾ ਨੂੰ ਬਚਾਉਣ ਲਈ ਸਾਰਥਕ ਉਪਰਾਲੇ ਕਰਨਗੇ |