ਸੰਗਰੂਰ, 1 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਕਲਾਂ ਵਿਖੇ 20 ਮਈ ਨੂੰ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲਾਂ ਦੀ ਨੋਕ 'ਤੇ ਲੁੱਟੇ ਗਏ ਪੈਟਰੋਲ ਪੰਪ ਦੇ ਮਾਮਲੇ ਵਿਚ ਸੰਗਰੂਰ ਪੁਲਿਸ ਵਲੋਂ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਪਾਸੋਂ 2 ਦੇਸੀ ਪਿਸਤੌਲ, 4800 ਰੁਪਏ ਨਕਦੀ ਅਤੇ ਵਾਰਦਾਤ ਮੌਕੇ ਵਰਤੀ ਗਈ ਇੱਕ ਕਾਰ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ.ਪੀ. (ਡੀ) ਦਵਿੰਦਰ ਕੁਮਾਰ ਅੱਤਰੀ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 20 ਮਈ ਨੂੰ ਦਿੜ੍ਹਬਾ ਨੇੜਲੇ ਪਿੰਡ ਖਨਾਲ ਕਲਾਂ ਵਿਖੇ ਸਥਿਤ ਇੰਡੀਅਨ ਆਇਲ ਇੱਕ ਪੈਟਰੋਲ ਪੰਪ ਤੋਂ ਕੁੱਝ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲਾਂ ਦੀ ਨੋਕ 'ਤੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਖੋਹ ਕੀਤੀ ਗਈ ਸੀ, ਜਿਸ ਸੰਬੰਧੀ ਥਾਣਾ ਦਿੜ੍ਹਬਾ ਵਿਖੇ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ | ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਦੀ ਨਿਗਰਾਨੀ ਹੇਠ ਸੀ.ਆਈ.ਏ. ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਦਿੜ੍ਹਬਾ ਦੇ ਮੁਖੀ ਇੰਸਪੈਕਟਰ ਜਗਤਾਰ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਗਠਨ ਕਰ ਕੇ ਮਾਮਲੇ ਦੀ ਬਾਰੀਕੀ ਨਾਲ ਆਰੰਭੀ ਗਈ ਜਾਂਚ ਦੌਰਾਨ ਕਮਲਜੀਤ ਸਿੰਘ ਕਮਲ ਵਾਸੀ ਸਫੀਪੁਰ ਕਲਾਂ, ਕਮਲਪ੍ਰੀਤ ਸਿੰਘ ਹਰਮਨ ਵਾਸੀ ਕਮਾਲਪੁਰ, ਜੈਵੀਰ ਸਿੰਘ ਜੋਧੁ ਵਾਸੀ ਘਨੌੜ ਰਾਜਪੂਤਾਂ ਅਤੇ ਜਸ਼ਨ ਕਿੱਲੂ ਵਾਸੀ ਘਨੌੜ ਰਾਜਪੂਤਾਂ ਦੀ ਸ਼ਮੂਲੀਅਤ ਸਾਹਮਣੇ ਆਈ | ਐਸ.ਪੀ. ਅੱਤਰੀ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਕਮਲਜੀਤ ਸਿੰਘ ਕਮਲ ਪਾਸੋਂ ਦੋ ਦੇਸੀ ਪਿਸਤੌਲ 32 ਬੋਰ, ਕਮਲਪ੍ਰੀਤ ਸਿੰਘ ਹਰਮਨ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਇੱਕ ਕਾਰ ਅਤੇ ਜਸ਼ਨ ਉਰਫ਼ ਕਿੱਲੂ ਪਾਸੋਂ ਲੁੱਟ ਕੀਤੀ ਗਈ ਰਕਮ 'ਚੋਂ 4800 ਰੁਪਏ ਬਰਾਮਦ ਕਰਵਾਏ ਗਏ ਹਨ | ਐਸ.ਪੀ. ਅੱਤਰੀ ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਨੌਜਵਾਨਾਂ 'ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਪਰ ਇਨ੍ਹਾਂ ਵਲੋਂ ਹੁਣ ਉੱਤਰ-ਪ੍ਰਦੇਸ਼ ਦੇ ਇਕ ਵਿਅਕਤੀ ਪਾਸੋਂ ਦੇਸੀ ਪਿਸਤੌਲ ਖ਼ਰੀਦ ਕੇ ਲੁੱਟਾਂ ਖੋਹਾਂ ਕਰਨ ਲਈ ਆਪਣਾ ਗਰੋਹ ਬਣਾਇਆ ਗਿਆ ਸੀ ਅਤੇ ਇਸ ਗਰੋਹ ਨੇ ਪਿੰਡ ਖਨਾਲ ਕਲਾਂ ਵਿਖੇ ਪਹਿਲੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਯੂ.ਪੀ ਦੇ ਜਿਸ ਵਿਅਕਤੀ ਪਾਸੋਂ ਇਨ੍ਹਾਂ ਨੇ ਪਿਸਤੌਲ ਖ਼ਰੀਦੇ ਸਨ, ਉਸ ਵਿਅਕਤੀ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕੀਤਾ ਜਾ ਰਿਹਾ ਹੈ | ਐਸ.ਪੀ. ਅੱਤਰੀ ਨੇ ਕਿਹਾ ਕਿ ਇਨ੍ਹਾਂ ਚਾਰਾਂ ਨੌਜਵਾਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ ਦਿੜ੍ਹਬਾ ਰੁਪਿੰਦਰ ਕੌਰ ਬਾਜਵਾ, ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਥਾਣਾ ਮੁਖੀ ਦਿੜ੍ਹਬਾ ਜਗਤਾਰ ਸਿੰਘ ਵੀ ਮੌਜੂਦ ਸਨ |