ਸੰਗਰੂਰ, 1 ਜੂਨ (ਅਮਨਦੀਪ ਸਿੰਘ ਬਿੱਟਾ) - ਬਹੁਜਨ ਮੁਕਤੀ ਪਾਰਟੀ ਵੱਲੋਂ ਕੇਂਦਰ ਸਰਕਾਰ ਵਿਰੁੱਧ ਚਲਾਏ ਜਾ ਰਹੇ ਦੇਸ਼ ਵਿਆਪੀ ਅੰਦੋਲਨ ਤਹਿਤ ਸੰਗਰੂਰ ਦੇ ਡੀ.ਸੀ. ਦਫ਼ਤਰ ਬਾਹਰ ਵਾਹਨਾਂ ਨੂੰ ਧੱਕਾ ਲਗਾ ਕੇ ਕੀਤੇ ਸੰਕੇਤਕ ਰੋਸ ਪ੍ਰਦਰਸ਼ਨ ਤਹਿਤ ਡਿਊਟੀ ਮਜਿਸਟਰੇਟ ਸੰਜੀਵ ਤਿਵਾੜੀ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ | ਬਹੁਜਨ ਮੁਕਤੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਡਾ. ਸੁਖਜਿੰਦਰ ਗਾਗੋਵਾਲੀਆ ਦੀ ਅਗਵਾਈ ਹੇਠ ਕੀਤੇ ਰੋਸ ਪ੍ਰਦਰਸ਼ਨ ਮੌਕੇ ਆਗੂਆਂ ਨੇ ਕਿਹਾ ਕਿ ਐਲ.ਪੀ.ਜੀ. ਗੈਸ ਦੀ ਕਮੀ, ਪੈਟਰੋਲ-ਡੀਜ਼ਲ ਦੀਆਂ ਦਿਨ ਪ੍ਰਤੀ ਦਿਨ ਵਧ ਰਹੀਆਂ ਕੀਮਤਾਂ ਕਾਰਨ ਜਿੱਥੇ ਆਮ ਜਨਤਾ ਨੂੰ ਭਾਰਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਰਕਾਰ ਹਰ ਰੋਜ਼ ਕੀਮਤਾਂ ਵਿੱਚ ਭਾਰੀ ਵਾਧਾ ਕਰ ਰਹੀ ਹੈ | ਇਸ ਦੇ ਵਿਰੋਧ ਵਿੱਚ ਬਹੁਜਨ ਮੁਕਤੀ ਮੋਰਚਾ ਨੇ ਵਾਹਨਾਂ ਨੂੰ ਧੱਕਾ ਲਗਾ ਕੇ ਪ੍ਰਦਰਸ਼ਨ ਕੀਤਾ | ਡਾ. ਗਾਗੋਵਾਲੀਆ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਦੇਸ਼ ਅੰਦਰ ਵੱਡਾ ਅੰਦੋਲਨ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਕੌਰ ਰੂਬੀ, ਪ੍ਰੇਮ ਸਿੰਘ ਸੁਨਾਮ, ਮੀਨਾ ਕੁਮਾਰੀ, ਚਰਨ ਸਿੰਘ ਚੱਠਾ, ਪਰਦੀਪ ਸਿੰਘ, ਰਾਮ ਸਿੰਘ ਚੱਠੇ, ਸੁਧੀਰ ਲਾਕਰਾ, ਅਜੈ ਕਟਾਰੀਆ, ਰਮੇਸ਼ ਲੌਂਗੋਵਾਲ, ਨਿਰਮਲ ਸਹੋਤਾ ਬਟੜਿਆਣਾ, ਬਹਾਦਰ ਸਿੰਘ ਚੱਠਾ ਮੌਜੂਦ ਸਨ |