ਸੁਨਾਮ ਊਧਮ ਸਿੰਘ ਵਾਲਾ, 6 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਟਰੈਫ਼ਿਕ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਟਰੈਫ਼ਿਕ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ ਦੀ ਅਗਵਾਈ ਵਿਚ ਸਥਾਨਕ ਈ-ਰਿਕਸ਼ਾ ਯੂਨੀਅਨ ਵਿਖੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਈ-ਰਿਕਸ਼ਾ ਦੀ ਗੈਰ ਕਾਨੂੰਨੀ ਵਰਤੋਂ ਰੋਕਣ ਦੇ ਮੰਤਵ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਈ-ਰਿਕਸ਼ਾ ਵਾਹਨਾਂ ਤੇ ਰਜਿਸਟਰ ਨੰਬਰ ਪਲੇਟਾਂ ਲਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਈ-ਰਿਕਸ਼ਾ ਨੂੰ ਰਜਿਸਟਰੇਸ਼ਨ ਤੋਂ ਛੋਟ ਦਿੱਤੀ ਹੋਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਹਰ ਇੱਕ ਈ-ਰਿਕਸਾ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ |ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਦੇ ਅੱਗੇ ਅਤੇ ਪਿੱਛੇ ਰਜਿਸਟਰੇਸ਼ਨ ਨੰਬਰ ਵਫ ਤੌਰ ਤੇ ਲਿਖਿਆ ਹੋਣ ਦੀ ਲੋੜ ਹੈ | ਇਸ ਤੋਂ ਇਲਾਵਾ ਈ-ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਕਿ ਆਰਸੀ, ਬੀਮਾ, ਡਰਾਈਵਿੰਗ ਲਾਇਸੈਂਸ ਆਦਿ ਹਮੇਸ਼ਾ ਹੀ ਆਪਣੇ ਕੋਲ ਰੱਖਣ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਅਨੁਸਾਰ ਈ-ਰਿਕਸ਼ਾ ਡਰਾਈਵਰ ਤੋਂ ਬਿਨਾਂ ਸਿਰਫ਼ ਚਾਰ ਸਵਾਰੀਆਂ ਅਤੇ ਕੁੱਲ 40 ਕਿੱਲੋ ਗ੍ਰਾਮ ਤੱਕ ਦਾ ਸਮਾਨ ਲਿਜਾਣ ਦੀ ਪ੍ਰਵਾਨਗੀ ਹੈ | ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਅਤੇ ਆਟੋ ਚਾਲਕਾਂ ਦੇ ਵਰਦੀ ਅਤੇ ਨੇਮ ਪਲੇਟ ਹੋਣੀ ਵੀ ਲਾਜ਼ਮੀ ਹੈ |