ਸੰਗਰੂ, 19 ਜੂਨ (ਦਮਨਜੀਤ ਸਿੰਘ)� ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸੰਗਰੂਰ ਦੇ ਇਤਿਹਾਸਕ ਮੰਦਿਰ ਸ੍ਰੀ ਮਹਾਂਕਾਲੀ ਦੇਵੀ ਜੀ ਵਿਖੇ ਨਤਮਸਤਕ ਹੋਏ। ਸੰਗਰੂਰ ਦੀਆਂ ਇਤਿਹਾਸਕ ਇਮਾਰਤਾਂ ਦੇ ਦੌਰੇ ਉੱਤੇ ਪਹੁੰਚੇ ਰਾਜਪਾਲ ਵੱਲੋਂ ਪਹਿਲਾ ਮੰਦਿਰ ਮਹਾਂਕਾਲੀ ਦੇਵੀ ਜੀ ਦੇ ਦਰਸ਼ਨ ਕੀਤੇ ਜਿੱਥੇ ਉਨ੍ਹਾਂ ਨੂੰ ਮੰਦਿਰ ਕਮੇਟੀ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਜਿਸ ਉਪਰੰਤ ਮੰਦਿਰ ਦੇ ਪੁਜਾਰੀ ਵੱਲੋਂ ਰਾਜਪਾਲ ਅਤੇ ਭਾਜਪਾ ਆਗੂ ਕਰਮ ਲਹਿਲ ਨੂੰ ਸਨਮਾਨਿਤ ਕੀਤਾ ਗਿਆ। ਕਾਲੀ ਮਾਤਾ ਮੰਦਿਰ ਉਪਰੰਤ ਰਾਜਪਾਲ ਵੱਲੋਂ ਸੰਗਰੂਰ ਦੇ ਵਿਰਾਸਤੀ ਬਨਾਸਰ ਬਾਗ ਸਥਿਤ ਅਜਾਇਬ ਘਰ ਅਤੇ ਬਾਰਾਂਦਰੀ ਦਾ ਦੌਰਾ ਕੀਤਾ। ਬਨਾਸਰ ਬਾਗ ਵਿਖੇ ਸਰਵਹਿੱਤ ਵਿੱਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ। ਸ਼ਹਿਰ ਦੀ ਵੱਖ-ਵੱਖ ਸੰਸਥਾਵਾਂ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ, ਮੰਦਿਰ ਸ੍ਰੀ ਹਨੂਮਾਨ ਜੀ ਮੰਡੀ ਗਲੀ, ਅਗਰਵਾਲ ਸਭਾ ਸੰਗਰੂਰ, ਅਰੋੜਾ ਵੈਲਫੇਅਰ ਸਭਾ, ਜੈ ਬਾਬਾ ਅਮਰਨਾਥ ਸਵਾਮੀ ਲੰਗਰ ਕਮੇਟੀ ਸੰਗਰੂਰ ਅਤੇ ਧੀ ਪੰਜਾਬਣ ਮੰਚ ਸੰਗਰੂਰ ਸਮੇਤ ਸ਼ਹਿਰ ਦੀਆਂ ਹੋਰਨਾ ਧਾਰਿਮਕ ਅਤੇ ਸਮਾਜਕ ਸੰਸਥਾਵਾਂ ਵੱਲੋਂ ਸਨਮਾਨ ਕੀਤੀ ਗਿਆ। ਭਾਜਪਾ ਆਗੂ ਕਰਮ ਲਹਿਲ ਨੇ ਰਾਜਪਾਲ ਸ੍ਰੀ ਕਟਾਰੀਆ ਦਾ ਸੰਗਰੂਰ ਪਹੁੰਚਣ ਉੱਤੇ ਧੰਨਵਾਦ ਕਰਦਿਆਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਅਸ਼ਵਾਸਨ ਦਵਾਇਆ ਹੈ ਅਜਾਇਬ ਘਰ ਵਾਂਗ ਉਹ ਜਲਦ ਹੀ ਬਨਾਸਰ ਬਾਗ ਸਥਿਤ ਬਾਰਾਂਦਰੀ ਨੂੰ ਲੋਕਾਂ ਲਈ ਖੁਲਵਾਉਣਗੇ ਅਤੇ ਸੰਗਰੂਰ ਨੂੰ ਸੈਰ ਸਪਾਟੇ ਲਈ ਪੰਜਾਬ ਦੇ ਨਕਸ਼ੇ ਉੱਤੇ ਉਭਾਰਿਆ ਜਾਵੇਗਾ। ਇਸ ਮੌਕੇ ਸਰਜੀਵਨ ਜਿੰਦਲ, ਰਾਜ ਕੁਮਾਰ ਅਰੋੜਾ, ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ, ਬਦਰੀ ਜਿੰਦਲ, ਰਜੀਵ ਜਿੰਦਲ, ਸਰਬਜੀਤ ਸਿੰਘ ਰੇਖੀ, ਸੁਮਿੰਦਰ ਸਿੰਘ ਪਾਲ, ਮਨੀਸ਼ ਕੁਮਾਰ ਸ਼ੈਕੀ, ਜਤਿੰਦਰ ਕਾਲੜਾ, ਨਿਰਭੈ ਸਿੰਘ ਛੰਨਾ, ਕੁਲਵਿੰਦਰ ਕੌਰ ਢੀਂਗਰਾ ਅਤੇ ਹਰਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੰਗਰੂਰ ਕਾਲੀ ਮਾਤਾ ਮੰਦਿਰ, ਅਜਾਇਬ ਘਰ ਤੇ ਬਾਰਾਂਦਰੀ ਦਾ ਕੀਤਾ ਦੌਰਾ
ਅਜੀਤ ਡੈਸਕ
20-06-2026