ਲਹਿਰਾਗਾਗਾ, 19 ਜੂਨ (ਅਸ਼ੋਕ ਗਰਗ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸਬੰਧੀ ਮਾਰਗਦਰਸ਼ਨ ਤੇ ਦਾਖ਼ਲਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰੀਮੀਅਰ ਇੰਸਟੀਚਿਊਟ, ਨੇੜੇ ਰਾਮੇ ਵਾਲੀ ਖੂਹੀ, ਲਹਿਰਾਗਾਗਾ ਵਿਖੇ ਦਾਖਲਾ ਮਾਰਗਦਰਸ਼ਨ ਕੇਂਦਰ ਦਾ ਉਦਘਾਟਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਵਲੋਂ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ, ਵਿਦਿਆਰਥੀਆਂ ਤੇ ਮਾਪਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਮਾਗਮ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਅਤੇ ਮਾਰਕਫੈਡ ਦੇ ਸਾਬਕਾ ਉਪ ਚੇਅਰਮੈਨ ਸਤਪਾਲ ਸਿੰਗਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਗੌਰਵ ਗੋਇਲ ਨੇ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਸੰਸਥਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ, ਵੋਕੇਸ਼ਨਲ ਅਤੇ ਹੁਨਰ-ਆਧਾਰਿਤ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕੋਰਸਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਾਲਜ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਅਕਾਦਮਿਕ, ਸੱਭਿਆਚਾਰਕ ਤੇ ਖੇਡ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਮਾਰਗਦਰਸ਼ਨ ਕੇਂਦਰ ਰਾਹੀਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੋਰਸਾਂ, ਦਾਖਲਾ ਪ੍ਰਕਿਰਿਆ, ਸਕਾਲਰਸ਼ਿਪਾਂ ਅਤੇ ਰੋਜ਼ਗਾਰ ਦੇ ਮੌਕਿਆਂ ਸਬੰਧੀ ਲੋੜੀਂਦੀ ਜਾਣਕਾਰੀ ਇੱਕੋ ਥਾਂ ‘ਤੇ ਉਪਲਬਧ ਕਰਵਾਈ ਜਾਵੇਗੀ। ਇਸ ਮੌਕੇ ਪ੍ਰੀਮੀਅਰ ਇੰਸਟੀਚਿਊਟ ਦੇ ਡਾਇਰੈਕਟਰ ਮੁਨੀਸ਼ ਕੁਮਾਰ, ਮਿਸ ਸਿਮਰਨਜੀਤ ਕੌਰ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਟਾਫ ਮੈਂਬਰ ਡਾ. ਮਨਪ੍ਰੀਤ ਸਿੰਘ, ਡਾ. ਜਤਿੰਦਰ ਸਿੰਘ, ਡਾ. ਕੁਲਵੰਤ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਜੀਵ ਕੁਮਾਰ ਰੋਡਾ, ਰੂਬਲ ਗਰਗ, ਰਾਜੇਸ਼ ਬਾਂਸਲ, ਰਜਿੰਦਰ ਰੋਕੀ, ਪ੍ਰਮੋਦ ਕੁਮਾਰ ਲੋਗੀ, ਸਰਬਜੀਤ ਸਿੰਘ (ਪ੍ਰਿੰਸੀਪਲ ਐਸ.ਡੀ. ਸਕੂਲ), ਸਰਪੰਚ ਜਰਨੈਲ ਸਿੰਘ ਖਾਈ, ਤਰੁਣ ਸ਼ਰਮਾ, ਰਾਜਨ ਗੁਪਤਾ, ਕਮਲਜੀਤ ਸਿੰਘ, ਮਾਲਵਾ ਫਰਟਿਲਾਈਜ਼ਰ ਇੰਡਸਟਰੀ ਦੇ ਰਜੀਵ ਕੁਮਾਰ, ਸੋਨੂ ਜੈਨ ਮੂਣਕ, ਸਾਬਕਾ ਕੌਂਸਲਰ ਸਰਦਾਰਾ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਦੀ ਕਾਰਵਾਈ ਮਿਸ ਸਿਮਰਨਜੀਤ ਕੌਰ ਅਤੇ ਡਾ. ਅਮਰਿੰਦਰ ਕੌਰ ਵੱਲੋਂ ਸੰਭਾਲੀ ਗਈ।ਸਮਾਗਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ, ਮਾਪਿਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਤੇ ਆਸ ਪ੍ਰਗਟਾਈ ਗਈ ਕਿ ਇਹ ਮਾਰਗਦਰਸ਼ਨ ਕੇਂਦਰ ਖੇਤਰ ਦੇ ਵਿਦਿਆਰਥੀਆਂ ਲਈ ਲਾਭਕਾਰੀ ਸਾਬਤ ਹੋਵੇਗਾ।
ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਲਹਿਰਾਗਾਗਾ ਵਿਖੇ ਦਾਖ਼ਲਾ ਮਾਰਗਦਰਸ਼ਨ ਕੇਂਦਰ ਦਾ ਉਦਘਾਟਨ
ਅਜੀਤ ਡੈਸਕ
20-06-2026