ਲਹਿਰਾਗਾਗਾ, 24 ਜੂਨ (ਅਸ਼ੋਕ ਗਰਗ) - ਸਥਾਨਕ ਪੁਲਿਸ ਵਲੋਂ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਂ-ਧੀ ਖ਼ਿਲਾਫ਼ ਬਦਨਾਮ ਕਰਕੇ ਬਲੈਕਮੇਲ ਕਰਨ, ਕੁੱਟਮਾਰ ਕਰਨ ਅਤੇ ਪੈਸੇ ਠੱਗਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਸ਼ਿਆਮ ਲਾਲ ਵਾਸੀ ਲਹਿਲ ਕਲਾਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਜਸਵੀਰ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਲਹਿਲ ਕਲਾਂ ਦੀ ਧੀ ਗੁਰਪ੍ਰੀਤ ਕੌਰ, ਜੋ ਪਿੰਡ ਢਡਿਆਲ ਵਿਖੇ ਵਿਆਹੀ ਹੋਈ ਹੈ, ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਹਰਪਾਲ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਸ਼ਿਕਾਇਤਕਰਤਾ ਮੁਤਾਬਕ ਗੁਰਪ੍ਰੀਤ ਕੌਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ ਅਤੇ ਕੱਪੜੇ ਦੇ ਕੰਮ ਦੇ ਬਹਾਨੇ ਉਸ ਤੋਂ ਅਕਸਰ ਪੈਸਿਆਂ ਦੀ ਮੰਗ ਕਰਦੀ ਸੀ। ਉਸ ਨੇ ਪਹਿਲਾਂ ਵੀ ਹਰਪਾਲ ਸਿੰਘ ਤੋਂ ਕੁਝ ਰਕਮ ਲਈ ਹੋਈ ਸੀ। ਹਰਪਾਲ ਸਿੰਘ ਨੇ ਦੱਸਿਆ ਕਿ 17 ਮਾਰਚ 2025 ਨੂੰ ਗੁਰਪ੍ਰੀਤ ਕੌਰ ਨੇ ਉਸ ਨੂੰ ਘਰ ਬੁਲਾਇਆ ਅਤੇ ਕਿਹਾ ਕਿ ਉਸ ਦੀ ਮਾਤਾ ਜਸਵੀਰ ਕੌਰ ਵੀ ਘਰ ਮੌਜੂਦ ਹੈ। ਜਦੋਂ ਉਹ ਆਪਣੀ ਗੱਡੀ ਰਾਹੀਂ ਉੱਥੇ ਪਹੁੰਚਿਆ ਤਾਂ ਮਾਂ-ਧੀ ਨੇ ਉਸ ਨੂੰ ਬੈੱਡਰੂਮ ਵਿੱਚ ਲੈ ਜਾ ਕੇ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਇਸ ਦੌਰਾਨ ਉਸ ਦੀ ਵੀਡੀਓ ਬਣਾ ਲਈ ਗਈ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਜਾਣ ਲੱਗਾ।ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਮਾਂ-ਧੀ ਨੇ ਡਰਾ-ਧਮਕਾ ਕੇ ਉਸ ਤੋਂ ਹੁਣ ਤੱਕ 2 ਲੱਖ 12 ਹਜ਼ਾਰ 500 ਰੁਪਏ ਵਸੂਲ ਕਰ ਲਏ ਹਨ ਅਤੇ ਹੋਰ ਪੈਸਿਆਂ ਦੀ ਮੰਗ ਕਰਦਿਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹਰਪਾਲ ਸਿੰਘ ਨੂੰ ਇਸ ਮਾਮਲੇ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ।ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਂ ਧੀ ਕਾਬੂ ਅਦਾਲਤ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਮਾਂ- ਧੀ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਦਾਲਤ ’ਚ ਪੇਸ਼ ਕਰਨ ਮਗਰੋਂ ਭੇਜਿਆ ਜੇਲ੍ਹ
ਅਜੀਤ ਡੈਸਕ
25-06-2026