ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਭੁੱਲਰ,ਧਾਲੀਵਾਲ) - ਅੱਜ ਸਵੇਰੇ ਫਤਹਿਗੜ੍ਹ-ਹਰਿਆਊ ਸੜਕ ਤੇ ਹੋਈ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਨੌਜਵਾਨ ਦੇ ਗੰਭੀਰ ਜਖਮੀ ਹੋਣ, ਜਦੋਂ ਕਿ ਦੂਜੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ । ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਅੱਠ ਸਵਾ ਅੱਠ ਵਜੇ ਪਿੰਡ ਹਰਿਆਊ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਇਕੱਲਾ ਹੀ ਮੋਟਰਸਾਈਕਲ ’ਤੇ ਫਤਹਿਗੜ੍ਹ ਵੱਲ ਜਾ ਰਿਹਾ ਸੀ । ਇਸ ਦੌਰਾਨ ਫਤਹਿਗੜ੍ਹ-ਹਰਿਆਊ ਵਿਚਕਾਰ ਅੱਗਿਉਂ ਆ ਰਹੇ ਇਕ ਮੋਟਰਸਾਈਕਲ ਅਤੇ ਉਸ ਦੇ ਮੋਟਰਸਾਈਕਲ ਦੀ ਆਪਸ ਵਿਚ ਟੱਕਰ ਹੋ ਗਈ । ਜਿਸ ਵਿਚ ਹਰਜੀਤ ਸਿੰਘ (58) ਹੁਕਮ ਸਿੰਘ ਪਿੰਡ ਫਤਹਿਗੜ੍ਹ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿਚ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਹਰਿਆਊ ਗੰਭੀਰ ਜਖਮੀ ਹੋ ਗਿਆ । ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਇਸ ਸੜਕ ਹਾਦਸੇ ਵਿਚ ਪੁਲਿਸ ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਹਰਜੀਤ ਸਿੰਘ ਫਤਹਿਗੜ੍ਹ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਗੁਰਪ੍ਰੀਤ ਸਿੰਘ ਹਰਿਆਊ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।