ਮਾਲੇਰਕੋਟਲਾ, 25 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅੱਜ ਮਲੇਰਕੋਟਲਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਪ੍ਰੋਗਰਾਮ ਦੇ ਤਹਿਤ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਹੁੰਚੇ ਸਨ । ਜਿੱਥੇ ਉਨ੍ਹਾਂ ਸਥਾਨਕ ਉਰਦੂ ਅਕੈਡਮੀ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਨਾ ਸੀ । ਪਰ ਸਮਾਗਮ ਤੋਂ ਕੁਝ ਦੂਰੀ ’ਤੇ ਲੱਗੇ ਪੁਲਿਸ ਦੇ ਇੱਕ ਨਾਕੇ ਤੋਂ ਸ਼ਹਿਰ ਦੇ ਕਈ ਨਾਮੀ ਪੱਤਰਕਾਰਾਂ ਨੂੰ ਆਪਣੇ ਵਾਹਨਾਂ ਸਣੇ ਲੰਘਣ ਨਾ ਦਿੱਤਾ ਗਿਆ । ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਮਲੇਰਕੋਟਲਾ ਦੇ ਪੱਤਰਕਾਰ ਭਾਈਚਾਰੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਦੇ ਆਉਣ ਤੋਂ ਪਹਿਲਾਂ ਜਦ ਮਲੇਰਕੋਟਲਾ ਦੇ ਕਈ ਸੀਨੀਅਰ ਪੱਤਰਕਾਰ, ਜੋ ਵੱਖ-ਵੱਖ ਅਖਬਾਰਾਂ ਤੇ ਟੀ.ਵੀ. ਚੈਨਲਾਂ ਨਾਲ ਸੰਬੰਧਿਤ ਸਨ, ਉਰਦੂ ਅਕੈਡਮੀ ਵਿਖੇ ਜਾਣ ਲਈ ਦਿੱਲੀ ਗੇਟ ਲੱਗੇ ਪੁਲਿਸ ਦੇ ਨਾਕੇ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਪੁਲਿਸ ਦੇ ਇਸ ਨਾਕੇ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ । ਪੱਤਰਕਾਰਾਂ ਵੱਲੋਂ ਉੱਥੇ ਹਾਜ਼ਰ 2 ਪੁਲਿਸ ਮੁਲਾਜ਼ਮਾਂ ਨੂੰ ਵਾਰ-ਵਾਰ ਇਸ ਸਬੰਧੀ ਦੱਸਣ ’ਤੇ ਕਿ ਉਹ ਪੱਤਰਕਾਰ ਹਨ ਤੇ ਉਨ੍ਹਾਂ ਨੂੰ ਸਬੰਧਤ ਵਿਭਾਗ ਵੱਲੋਂ ਸੱਦਾ-ਪੱਤਰ ਭੇਜਿਆ ਗਿਆ ਹੈ ਪਰ ਪੁਲਿਸ ਮੁਲਾਜ਼ਮ ਇਹ ਗੱਲ ਕਹਿੰਦੇ ਰਹੇ ਕਿ ਆਪਣੇ ਵਾਹਨ ਸਮਾਗਮ ਤੋਂ ਦੂਰ ਲਗਾ ਕੇ ਆਓ, ਇੱਧਰ ਰਸਤਾ ਬੰਦ ਹੈ । ਪੁਲਿਸ ਕਰਮਚਾਰੀਆਂ ਦਾ ਫੁਰਮਾਨ ਸੀ ਕਿ ‘ਜੇਕਰ ਜਾਣਾ ਹੈ ਤਾਂ ਪੈਦਲ ਜਾਓ’ । ਜਦਕਿ ਉਸ ਜਗ੍ਹਾ ’ਤੇ ਪਹਿਲਾਂ ਤੋਂ ਹੀ ਬਹੁਤ ਸਾਰੇ ਵਾਹਨ ਖੜ੍ਹੇ ਸਨ ਤੇ ‘ਕੁਝ ਖ਼ਾਸ’ ਲੋਕਾਂ ਦੀ ਆਵਾਜਾਈ ਜਾਰੀ ਸੀ । ਪੱਤਰਕਾਰਾਂ ਨੇ ਆਖਿਆ ਕਿ ਜੇਕਰ ਸਮਾਗਮ ਵਾਲੀ ਜਗ੍ਹਾ ’ਤੇ ਕੁਝ ਖ਼ਾਸ ਲੋਕਾਂ ਦੇ ਵਾਹਨ ਜਾ ਸਕਦੇ ਹਨ ਤਾਂ ਪੱਤਰਕਾਰ ਭਾਈਚਾਰੇ ਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰ ਆਪਣੇ ਵਾਹਨ ਸਮਾਗਮ ਤੋਂ ਦੂਰ ਲਗਾ ਕੇ ਆਉਣਗੇ ਤਾਂ ਕਵਰੇਜ ਕਿਵੇਂ ਹੋਵੇਗੀ । ਸਵਾਲ ਇਹ ਵੀ ਵੱਡੇ ਹਨ ਕਿ ਸ਼ਹਿਰ ਅੰਦਰ ਚੋਰੀਆਂ ਦੀ ਭਰਮਾਰ ਕਾਰਨ ਜੇਕਰ ਕਿਸੇ ਪੱਤਰਕਾਰ ਦਾ ਵਾਹਨ ਚੋਰੀ ਹੋ ਜਾਂਦਾ ਹੈ ਤਾਂ ਜ਼ਿੰਮੇਵਾਰੀ ਕਿਸ ਦੀ ਹੈ । ਸਮਾਗਮ ਵਿੱਚ ਪਹੁੰਚੇ ਕੁਝ ਪੱਤਰਕਾਰਾਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਮੀਟਿੰਗ ਹਾਲ ਦੇ ਅੰਦਰ ਜਾਣ ਨਹੀਂ ਦਿੱਤਾ ਗਿਆ । ਪੁਲਿਸ ਪ੍ਰਸ਼ਾਸਨ ਤੋਂ ਬੇਹੱਦ ਖ਼ਫ਼ਾ ਨਜ਼ਰ ਆ ਰਹੇ ਪੱਤਰਕਾਰਾਂ ਨੇ ਆਖਿਆ ਕਿ ਇੱਕ ਤਾਂ ਉਹ ਪ੍ਰਸ਼ਾਸਨ ਦੀ ਕਵਰੇਜ ਕਰਨ ਦੇ ਲਈ ਆਪਣਾ ਕੀਮਤੀ ਸਮਾਂ ਖਰਾਬ ਕਰਦੇ ਹਨ ਪਰ ਉਲ਼ਟਾ ਉਨ੍ਹਾਂ ਨੂੰ ਹੀ ਸਮਾਗਮ ਵਾਲੀ ਜਗ੍ਹਾ ’ਤੇ ਨਹੀਂ ਜਾਣ ਦਿੱਤਾ ਜਾਂਦਾ । ਪ੍ਰਸ਼ਾਸਨ ਜੇਕਰ ਸਮਾਗਮ ਵਾਲੀ ਜਗ੍ਹਾ ‘ਤੇ ਪੱਤਰਕਾਰਾਂ ਦੇ ਵਾਹਨ ਲਗਾਉਣ ਨੂੰ ਜਗ੍ਹਾ ਦਾ ਪ੍ਰਬੰਧ ਨਹੀਂ ਕਰ ਸਕਦਾ ਫਿਰ ਉਨ੍ਹਾਂ ਨੂੰ ਬੁਲਾਇਆ ਕਿਉਂ ਜਾਂਦਾ ਹੈ ।