ਮਲੇਰਕੋਟਲਾ, 29 ਜੂਨ (ਮੁਹੰਮਦ ਹਨੀਫ਼ ਥਿੰਦ)- ਅੱਜ ਪਟਿਆਲਾ ਰੇਂਜ ਦੇ ਡੀ.ਆਈ.ਜੀ. ਜਨਾਬ ਕੁਲਦੀਪ ਸਿੰਘ ਚਾਹਲ ਦੀ ਸੁਪਰਵਿਜ਼ਨ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗੁਰਮੀਤ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ ਤੜਕਸਾਰ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ, ਆਪਰੇਸ਼ਨ ਪ੍ਰਹਾਰ ਅਤੇ ਕਾਸੋ ਅਭਿਆਨ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਲਾਕਾ ਜਮਾਲਪੁਰਾ ਦੇ ਪੱਕਾ ਦਰਵਾਜ਼ਾ ਦੇ ਅੰਦਰ ਤਲਾਸ਼ੀ ਅਭਿਆਨ ਦੌਰਾਨ ਡੀ.ਆਈ.ਜੀ.ਪਟਿਆਲਾ ਰੇਂਜ ਜਨਾਬ ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਸਿਰ ਤਲਾਸ਼ੀ ਅਭਿਆਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਅਜੇ ਤੱਕ 8 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਲਗਾਤਾਰ ਛਾਪੇਮਾਰੀ ਜਾਰੀ ਹੈ। ਉਹਨਾਂ ਚਿੱਟੇ ਦੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਕਾਰੋਬਾਰ ‘ਚ ਮੁਲੱਬਸ ਵਿਅਕਤੀਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ‘ਚ ਪਿਛਲੇ ਦਿਨੀਂ ਇਕ ਤਾਜ਼ਾ ਸਰਵੇ ਕਰਵਾਇਆ ਗਿਆ ਸੀ ਜਿਸ ‘ਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੰਗੀ ਪੱਧਰ ਤੇ ਪਟਿਆਲਾ, ਮਲੇਰਕੋਟਲਾ, ਸੰਗਰੂਰ, ਬਰਨਾਲਾ ਜ਼ਿਲ੍ਹਿਆਂ ਅਤੇ ਪੂਰੀ ਰੇਂਜ ਵਿਚ ਚੱਲ ਰਹੀ ਹੈ। ਜਿਸਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਨਸ਼ਾ ਛੁੜਾਓ ਕੇਂਦਰਾਂ ‘ਚ ਭਰਤੀ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਅਜਿਹੇ ਵਿਅਕਤੀ ਨਸ਼ੇ ਦੀ ਭੈੜੀ ਲੱਤ ਨੂੰ ਛੱਡਕੇ ਮੁੱਖ ਧਾਰਾ ਵਿਚ ਆ ਕੇ ਆਪਣਾ ਜੀਵਨ ਸੁਖਾਲਾ ਬਣਾ ਸਕਣ। ਇਸ ਮੌਕੇ ਜਨਾਬ ਗੁਰਮੀਤ ਸਿੰਘ ਐੱਸ.ਐੱਸ.ਪੀ. ਮਲੇਰਕੋਟਲਾ, ਜਨਾਬ ਰਾਜਵਿੰਦਰ ਸਿੰਘ ਰੰਧਾਵਾ ਐੱਸ.ਪੀ.ਡੀ, ਜਨਾਬ ਡਾਕਟਰ ਮਾਨਵਜੀਤ ਸਿੰਘ ਸਿੱਧੂ ਡੀ.ਐੱਸ.ਪੀ. ਮਲੇਰਕੋਟਲਾ, ਜਨਾਬ ਦੀਪਇੰਦਰਪਾਲ ਸਿੰਘ ਜੇਜੀ ਡੀ.ਐੱਸ.ਪੀ. ਸਾਈਬਰ ਕ੍ਰਾਈਮ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਮੁੱਖ ਅਫ਼ਸਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁਲਿਸ ਟੀਮਾਂ ਮੌਜੂਦ ਸਨ।