ਸੰਗਰੂਰ, 4 ਜੁਲਾਈ (ਦਮਨਜੀਤ ਸਿੰਘ) - ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰਨ ਦੇ ਮੰਤਵ ਨਾਲ ਰਿਹਾਇਸ਼ ਨੇੜੇ ਧਰਨਾ ਦੇ ਕੇ ਰੋਸ ਮਾਰਚ ਕੀਤਾ ਗਿਆ l ਮੰਤਰੀ ਚੀਮਾ ਦੀ ਕੋਠੀ ਵੱਲ ਵੱਧ ਰਹੇ ਜੰਗਲਾਤ ਮੁਲਾਜਮਾਂ ਨੂੰ ਪੁਲਿਸ ਵੱਲੋਂ ਕੋਠੀ ਤੋੰ ਕੁੱਝ ਕੂ ਮੀਟਰ ਦੂਰ ਰੋਕ ਲਿਆ ਗਿਆ ਅਤੇ ਗੱਲ ਬਾਤ ਦਾ ਸੱਦਾ ਦਿੱਤਾ l ਪੁਲਿਸ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਵਿਚਾਲੇ ਹੋਈ ਗੱਲ ਬਾਤ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਯੂਨੀਅਨ ਨੂੰ ਪੰਜਾਬ ਕੈਬਨਿਟ ਦੀ ਸੱਬ ਕਮੇਟੀ ਨਾਲ 14 ਜੁਲਾਈ ਦੀ ਮੀਟਿੰਗ ਤੈਅ ਕਰਵਾਈ ਗਈ ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਆਪਣਾ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ l ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ, ਜਨਰਲ ਸਕੱਤਰ ਬਲਵੀਰ ਸਿਵੀਆ ਅਤੇ ਵਿੱਤ ਸਕੱਤਰ ਬਲਵੀਰ ਗਿੱਲਾਂਵਾਲਾ ਨੇ ਕਿਹਾ ਕਿ ਤਿੰਨ ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ਵਿੱਚ ਪੱਕੇ ਕਰਵਾਉਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਵਰਕਰਾਂ ਦੇ ਕੰਮ ਨੂੰ ਖ਼ਤਰੇ ਵਾਲੇ ਕੰਮਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਕੇ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਪੜੇ ਲਿਖੇ ਅਤੇ ਅਨਪੜ੍ਹ ਵਰਕਰਾਂ ਨੂੰ ਰੈਗੂਲਰ ਕਰਵਾਉਣ, ਮੁਲਾਜ਼ਮਾਂ ਦੀ ਸੀਨੀਆਰਤਾ ਤੈਅ ਕਰਨ ਲਈ ਮਹੀਨੇ ਵਿੱਚ 26 ਦੀ ਥਾਂ 30 ਦਿਨ ਗਿਣਵਾਏ ਜਾਣ, ਮੁਲਾਜ਼ਮਾਂ ਦੀ ਸੀਨੀਅਰਤਾ ਵਿਚਲੀਆਂ ਤਰੁੱਟੀਆਂ ਦੂਰ ਕਰਵਾਉਣ, ਅੱਧੇ-ਅਧੂਰੇ ਰੂਪ ਵਿੱਚ ਰੈਗੂਲਰ ਕੀਤੇ ਮੁਲਾਜ਼ਮਾਂ ਉੱਤੇ ਸਿਵਲ ਸਰਵਿਸਿਜ਼ ਰੂਲਜ਼ ਅਤੇ ਪੰਜਾਬ ਦਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣ, ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਚੌਥਾ ਦਰਜਾ ਜੰਗਲਾਤ ਮੁਲਾਜ਼ਮਾਂ ਦੀ ਸੇਵਾ ਮੁਕਤੀ 58 ਦੀ ਥਾਂ 60 ਸਾਲ ਕਰਵਾਉਣ ਆਦਿ ਮੰਗਾਂ ਦੀ ਪੂਰਤੀ ਕਰਵਾਉਣ ਲਈ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸਥਾਨਕ ਧੂਰੀ ਰੋਡ ‘ਤੇ ਸੂਬਾ ਪੱਧਰੀ ਰੋਸ ਧਰਨਾ ਦੇਣ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ ਉਨ੍ਹਾਂ ਨੂੰ ਵੀ ਪੱਕੇ ਮੁਲਾਜ਼ਮ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗਰੰਟੀ ਦੇ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਵਲ ਮੀਟਿੰਗਾਂ ਕਰਕੇ ਟਾਇਮ ਟਪਾਇਆ ਜਾ ਰਿਹਾ ਹੈ ਪਰ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ। ਜਥੇਬੰਦੀ ਦੇ ਆਗੂਆਂ ਜਗੀਰ ਸਿੰਘ ਦਸੂਹਾ, ਜਤਿੰਦਰ ਸਿੰਘ ਮਲੋਟ, ਗੁਰਪ੍ਰੀਤ ਸਿੰਘ ਮੋਗਾ ਅਤੇ ਹਰਿੰਦਰ ਕੁਮਾਰ ਐਮਾ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਦੀ ਸੀਨੀਅਤਾ ਤੈਅ ਕਰਨ ਵੇਲੇ ਨਾ ਮਹੀਨੇ ਦੇ ਪੂਰੇ ਦਿਨ ਗਿਣੇ ਜਾ ਰਹੇ ਹਨ ਅਤੇ ਨਾ ਹੀ ਸਰਵਿਸ ਰਿਕਾਰਡ ਵਿਚਲੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਆਪਣੇ ਸਿਆਸੀ ਹਿੱਤਾਂ ਲਈ ਔਰਤਾਂ ਦੇ ਖਾਤਿਆਂ ਵਿੱਚ 1000 ਅਤੇ 1500 ਰੁਪਏ ਪਾ ਕੇ ਵਾਹ ਵਾਹ ਖੱਟੀ ਜਾ ਰਹੀ ਹੈ ਤਨਦੇਹੀ ਨਾਲ ਆਪਣੀ ਸੇਵਾਵਾਂ ਨਿਭਾਅ ਰਹੇ ਜੰਗਲਾਤ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਜਥੇਬੰਦੀ ਦੇ ਆਗੂਆਂ ਗੁਰਵਿੰਦਰ ਸਿੰਘ ਮਚਾਕੀ, ਮਹਿੰਦਰਪਾਲ ਦਸੂਹਾ ਅਤੇ ਬਲਵਿੰਦਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜੰਗਲਾਤ ਮੁਲਾਜ਼ਮਾਂ ਦੇ ਸਮਰਥਨ ਵਿੱਚ ਪੁੱਜੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਸੂਬਾਈ ਆਗੂਆਂ ਮੇਘ ਰਾਜ, ਬਲਜਿੰਦਰ ਪ੍ਰਭੂ, ਗੁਰਜੀਤ ਘੱਗਾ, ਹਰਜੀਤ ਸਿੰਘ ਵਾਲੀਆ ਅਤੇ ਬੱਬਣਪਾਲ ਸੰਗਰੂਰ ਤੋਂ ਇਲਾਵਾ ਸ਼ਿਵਦਿਆਲ, ਪ੍ਰਤਾਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸੋਮਪਿਆ ਗਿਆ ।
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਪੱਧਰੀ ਧਰਨਾ ਦਿੰਦਿਆਂ ਵਿੱਤ ਮੰਤਰੀ ਚੀਮਾ ਦੀ ਕੋਠੀ ਵੱਲ ਕੀਤਾ ਰੋਸ ਮਾਰਚ
ਅਜੀਤ ਡੈਸਕ
05-07-2026