ਖਨੌਰੀ, 4 ਜੁਲਾਈ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਵਿਚ ਪਿਛਲੇ ਇਕ ਹਫਤੇ ਤੋਂ ਚੋਰੀ ਦੀਆਂ ਕਈ ਵਾਰਦਾਤਾਂ ਹੋਣ ਅਤੇ ਇਕੋ ਰਾਤ ਚ ਤਿੰਨ ਤਿੰਨ ਚੋਰੀਆਂ ਹੋਣ ਨਾਲ ਜਿੱਥੇ ਸ਼ਹਿਰ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਉਥੇ ਚੋਰਾਂ ਵਲੋਂ ਬੇਖੌਫ ਹੋ ਅਤੇ ਪੂਰੇ ਹੌਂਸਲੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਨਾਲ ਸ਼ਹਿਰ ਵਾਸੀਆਂ ਵਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਚੋਰਾਂ ਵਲੋਂ ਤਕਰੀਬਨ ਰੋਜ਼ ਹੀ ਚੋਰੀ ਕਰ ਲੈਣ ਦੀ ਖ਼ਬਰ ਸਵੇਰ ਨੂੰ ਸੁਨਣ ਨੂੰ ਮਿਲਦੀ ਹੈ ਅਤੇ ਦੂਜੇ ਪਾਸੇ ਪੁਲਿਸ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਅਸਮਰੱਥ ਜਿਹੀ ਨਜ਼ਰ ਆ ਰਹੀ ਹੈ। ਜਿਸ ਕਰਕੇ ਲੋਕਾਂ ਵਿਚ ਪੁਲੀਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਂਵੇ ਕਿ ਪੁਲਿਸ ਵਲੋਂ ਇਕ ਅੱਧੀ ਚੋਰੀ ਦੀ ਵਾਰਦਾਤ ਨੂੰ ਹੱਲ ਕਰਕੇ ਚੋਰਾਂ ਨੂੰ ਕਾਬੂ ਕਰਨ ਦੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜ਼ਿਆਦਾਤਰ ਚੋਰੀਆਂ ਦੀਆਂ ਵਾਰਦਾਤਾਂ ਪ੍ਰਤੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। ਇਸ ਕਾਰਗੁਜ਼ਾਰੀ ਕਰਕੇ ਕਈ ਵਾਰ ਤਾਂ ਸ਼ਹਿਰ ਤੇ ਇਲਾਕੇ ਦੇ ਲੋਕਾਂ ਵਲੋਂ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਬਾਰੇ ਪੁਲੀਸ ਨੂੰ ਸੂਚਿਤ ਵੀ ਨਹੀਂ ਕੀਤਾ ਜਾਂਦਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੋਣਾ ਤਾਂ ਕੁਝ ਵੀ ਨਹੀਂ ਐਵੇਂ ਵਾਧੂ ਦੀ ਖੱਜਲ ਖੁਆਰੀ ਹੀ ਪੱਲੇ ਪੈਣੀ ਹੈ। ਜਿੱਥੇ 2 ਅਤੇ 3 ਜੁਲਾਈ ਦੀ ਲੰਘੀ ਰਾਤ ਨੂੰ ਖਨੌਰੀ ਸ਼ਹਿਰ ਵਿਖੇ ਓਮ ਪ੍ਰਕਾਸ਼ ਦੇ ਘਰੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਅਤੇ ਕੈਥਲ ਰੋਡ ਇੱਕ ਮੈਡੀਕਲ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਨਗਦੀ ਚੋਰੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਇਸੇ ਪ੍ਰਕਾਰ ਹੀ ਵਿਸ਼ੂ ਸਿੰਗਲਾ ਦੇ ਘਰ ਦਾ ਤਾਲਾ ਤੋੜ ਕੇ ਚੋਰਾਂ ਵਲੋਂ ਕਰੀਬ 5 ਲੱਖ ਰੁਪਏ ਦੀ ਨਗਦੀ ਚੋਰੀ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਵੀ ਚੋਰਾਂ ਵਲੋਂ ਨਰਵਾਣਾ ਰੋਡ ਤੇ ਕਵਾੜੀਏ ਦੀ ਦੁਕਾਨ ਤੋਂ ਤਾਂਬਾ ਪਿੱਤਲ ਆਦਿ ਚੋਰੀ ਕੀਤਾ ਗਿਆ ਸੀ ਅਤੇ ਬਾਈਪਾਸ ਰੋਡ ਤੇ ਗੌਰਵ ਕਰਿਆਨਾ ਸਟੋਰ ਤੇ ਵੀ ਚੋਰੀ ਹੋਈ ਸੀ। ਖਨੌਰੀ ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਵਿਖੇ ਵੀ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 12 ਤੋਲੇ ਸੋਨਾ, 12 ਤੋਲੇ ਚਾਂਦੀ ਅਤੇ ਕੁੱਝ ਨਕਦੀ ਚੋਰੀ ਕਰ ਲਈ ਗਈ ਸੀ ਤੇ ਇਸੇ ਪ੍ਰਕਾਰ ਹੀ ਖਨੌਰੀ ਦੇ ਮੁੱਖ ਬਜ਼ਾਰ ਵਿਖੇ ਦੁਰਗਾ ਚੂੜੀਆਂ ਵਾਲੇ ਦੀ ਦੁਕਾਨ ਤੇ ਛੱਤ ਤੋਂ ਗਰਿੱਲ ਪੁੱਟ ਕੇ ਪੈਸਿਆਂ ਵਾਲੇ ਹਾਰ ਤੇ ਨਗਦੀ ਦੀ ਚੋਰੀ ਕੀਤੀ ਸੀ। ਕਰੀਬ 20 ਦਿਨ ਪਹਿਲਾਂ ਤਾਂ ਦਿਨ ਦਿਹਾੜੇ ਹੀ ਭਰੇ ਬਜ਼ਾਰ ਵਿਚ ਮੋਟਰਸਾਈਕਲ ਸਵਾਰ ਇੱਕ ਲੁਟੇਰਾ ਹਰਪ੍ਰੀਤ ਸਿੰਘ ਚੋਪੜਾ ਦੀ ਦਾਦੀ, ਜੋ ਕਿ ਦੁਕਾਨ ਤੇ ਬੈਠੀ ਸੀ, ਦੇ ਕੰਨ ਚ ਪਾਈ ਸੋਨੇ ਦੀ ਵਾਲੀ ਲਾਹ ਕੇ ਸ਼ਰੇਆਮ ਭੱਜ ਗਿਆ ਸੀ। ਜਿਸ ਬਾਰੇ ਅੱਜ ਤੱਕ ਨਹੀਂ ਪਤਾ ਲੱਗਾ। ਜਿਕਰਯੋਗ ਹੈ ਕਿ ਕਰੀਬ ਸਾਲ ਦੋ ਸਾਲ ਪਹਿਲਾਂ ਸਿਟੀ ਲਾਈਟ ਟੇਲਰਜ਼ ਦੀ ਦੁਕਾਨ ਤੇ ਲਗਾਤਾਰ ਦੋ ਵਾਰੀ ਚੋਰੀ ਹੋ ਜਾਣ ਅਤੇ ਤਿੰਨ ਚੋਰਾਂ ਦੇ ਸੀਸੀਟੀਵੀ ਕੈਮਰੇ ਵਿਚ ਆ ਜਾਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰ ਸਕੀ। ਵਾਰਡ ਨੰਬਰ ਪੰਜ ਦੀ ਸੰਘਣੀ ਆਬਾਦੀ ਵਿਚ ਰਹਿੰਦੇ ਪੱਤਰਕਾਰ ਕਮਲੇਸ਼ ਗੋਇਲ ਦੇ ਘਰ ਵੀ ਕੁਝ ਮਹੀਨੇ ਪਹਿਲਾਂ ਚੋਰਾਂ ਨੇ ਰਾਤ ਨੂੰ ਘਰ ਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸੋਨਾ ਅਤੇ ਨਗਦੀ ਚੋਰੀ ਕਰ ਲਈ ਸੀ। ਜਿਸ ਬਾਰੇ ਵੀ ਅੱਜ ਤੱਕ ਕੋਈ ਉੱਘ ਸੁੱਘ ਨਹੀਂ ਮਿਲੀ। ਕੁਝ ਹੋਰ ਹੋਈਆਂ ਛੋਟੀਆਂ ਮੋਟੀਆਂ ਚੋਰੀਆਂ ਬਾਰੇ ਤਾਂ ਲੋਕਾਂ ਨੇ ਤਾਂ ਪੁਲਿਸ ਵਿਭਾਗ ਨੂੰ ਸੂਚਨਾ ਦੇਣੀ ਜ਼ਰੂਰੀ ਨਹੀਂ ਸਮਝੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਆਪਣੇ ਪੱਧਰ ਤੇ ਚੌਂਕੀਦਾਰ ਰੱਖਣੇ ਚਾਹੀਦੇ ਹਨ ਅਤੇ ਆਪ ਵੀ ਨਿਗਰਾਨੀ ਕਰਨੀ ਚਾਹੀਦੀ ਹੈ। ਇਸ ਸਬੰਧੀ ਥਾਣਾ ਖਨੌਰੀ ਦੇ ਇੰਚਾਰਜ਼ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਵਲੋਂ ਆਪਣੀ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ਹਿਰ ਦੇ ਪੁਰਾਣੇ ਚੋਰਾਂ ਨੂੰ ਪਬਲਿਕ ਦੇ ਸਹਿਯੋਗ ਨਾਲ ਫੜ ਕੇ ਥਾਣੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਪੁੱਛ ਕੇ ਕੀਤੀ ਜਾ ਰਹੀ ਹੈ । ਐਸ ਐਚ ਓ ਨੇ ਕਿਹਾ ਕਿ ਪੁਲਿਸ ਵਲੋਂ ਰਾਤ ਨੂੰ ਆਪਣੀ ਗਸ਼ਤ ਵੀ ਵਧਾ ਦਿੱਤੀ ਗਈ ਹੈ, ਸ਼ੱਕੀ ਵਿਅਕਤੀਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।