ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਸ਼ਹਿਰ ਵਿਚ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬਾਰਸ਼ਾਂ ਵਿਚ ਵੱਖ-ਵੱਖ ਕਲੋਨੀਆਂ ਵਿਚ ਖੜੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਲਈ ਸ਼ਹਿਰ ਵਾਸੀਆਂ ਨੇ ਕੌਂਸਲਰ ਹਰਪ੍ਰੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਰਜ ਸਾਧਥ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦਿਆਂ ਕੌਂਸਲਰ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ, ਇਸ ਲਈ ਸਮੇਂ ਸਿਰ ਸੀਵਰੇਜ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤਾਂ ਤੋਂ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਨਾਲ ਲੱਗਦੀ ਪ੍ਰੀਤ ਕਲੋਨੀ ਵਾਲੀ ਸੜਕ ’ਤੇ ਲੰਮੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਬਦਬੂ ਫੈਲ ਰਹੀ ਹੈ, ਦਸ਼ਮੇਸ਼ ਨਗਰ ਦੀ ਮੁੱਖ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਮੈਨਹੋਲਾਂ ਵਿਚੋਂ ਬਾਹਰ ਆ ਕੇ ਗਲੀਆਂ ਵਿੱਚ ਫੈਲ ਰਿਹਾ ਹੈ, ਜਿਸ ਨਾਲ ਦਸ਼ਮੇਸ਼ ਨਗਰ, ਅਜੀਤ ਨਗਰ, ਪ੍ਰੀਤ ਕਲੋਨੀ, ਦੀਪ ਕਲੋਨੀ ਅਤੇ ਗੁਪਤਾ ਕਲੋਨੀ ਦੇ ਵਸਨੀਕਾਂ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਚਿੰਤਾ ਜਤਾਈ ਕਿ ਗੰਦਗੀ ਅਤੇ ਖੜ੍ਹੇ ਪਾਣੀ ਕਾਰਨ ਬਿਮਾਰੀਆਂ ਫੈਲ ਸਕਦੀਆਂ ਹਨ, ਇਸ ਸਬੰਧੀ ਨਗਰ ਕੌਂਸਲ ਨੂੰ ਇਸ ਸਬੰਧੀ ਠੋਸ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਆਗੂ ਰੇਨੂੰ ਸਿੰਗਲਾ, ਸੁਨੀਤਾ ਲੂਥਰਾ, ਸਰਲਾ ਗਰਗ, ਧਰਮਪਾਲ ਸਿੰਘ, ਮੰਨੂ ਸ਼ਰਮਾ, ਬੱਬੂ, ਸੰਦੀਪ ਸਿੰਘ, ਮੋਹਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਦਨ ਲਾਲ, ਵਿਕਰਮ ਸ਼ਰਮਾ ਅਤੇ ਅਕਸ਼ੇ ਸਿੰਗਲਾ ਸਮੇਤ ਹੋਰ ਮੁਹੱਲਾ ਵਾਸੀ ਵੀ ਹਾਜ਼ਰ ਸਨ। ਇਥੇ ਇਹ ਜ਼ਿਕਰਯੋਗ ਹੈ, ਕਿ ਸ਼ਹਿਰ ਦੀ ਨਗਰ ਕੌਂਸਲ ਦੀ ਚੋਣ ਹੋਈ ਨੂੰ 5 ਹਫ਼ਤੇ ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਕੋਲ ਵਿਧਾਇਕਾ ਦੀ ਵੋਟ ਸਮੇਤ ਪੂਰਨ ਬਹੁਮਤ ਹੋਣ ਕਾਰਨ ਸ਼ਹਿਰ ਵਿਚ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਇਆ ਨਹੀਂ ਗਿਆ, ਜਿਸ ਕਰਕੇ ਸ਼ਹਿਰ ਦੇ ਕੰਮ ਰੁਕੇ ਹੋਏ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ, ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਜਲਦੀ ਕਰਾਈ ਜਾਵੇ ਤਾਂ ਕਿ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ।