ਸੰਗਰੂਰ, 9 ਜੁਲਾਈ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਦੇ ਇਤਿਹਾਸਕ ਅਤੇ ਪ੍ਰਾਚੀਨ ਮੰਦਿਰ ਸ਼੍ਰੀ ਮਹਾਂ ਕਾਲੀ ਦੇਵੀ ਜੀ ਵਿਖੇ ਬੀਤੀ ਰਾਤ ਚੋਰੀ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮੰਦਿਰ ਦੇ ਨਾਲ ਲੱਗਦੇ ਸਰਕਾਰੀ ਆਈ.ਟੀ.ਆਈ. ਵਾਲੇ ਪਾਸਿਓਂ ਇੱਕ ਵਿਅਕਤੀ ਦੀਵਾਰ ਟੱਪ ਕੇ ਮੰਦਿਰ ਕੰਪਲੈਕਸ ਵਿਚ ਦਾਖਲ ਹੋਇਆ ਅਤੇ ਕੰਪਲੈਕਸ ਦੇ ਚੌਗਿਰਦੇ ਵਿਚ ਬਣੇ ਸ਼ਿਵ ਜੀ ਅਤੇ ਸ਼ਨੀਦੇਵ ਦੇ ਮੰਦਿਰਾਂ ਅੰਦਰ ਲੱਗੇ ਗੱਲੇ ਤੋੜ ਕੇ ਉਨ੍ਹਾਂ ’ਚੋਂ ਵਿਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਉੱਤੇ ਹੱਥ ਸਾਫ਼ ਕਰ ਦਿੱਤਾ। ਮੰਦਿਰ ਕੰਪਲੈਕਸ ਵਿਚ ਚੋਰੀ ਲਈ ਪੂਰੇ ਸਾਜੋ-ਸਾਮਾਨ ਨਾਲ ਦਾਖਲ ਹੋਇਆ ਵਿਅਕਤੀ ਕਰੀਬ ਅੱਧਾ-ਪੌਣਾ ਘੰਟਾ ਅੰਦਰ ਘੁੰਮਦਾ ਰਿਹਾ ਅਤੇ ਕੰਪਲੈਕਸ ਵਿਚ ਲੱਗੇ 2 ਹੋਰ ਵੱਖ-ਵੱਖ ਗੱਲਿਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ। ਮੰਦਿਰ ਕਮੇਟੀ ਵੱਲੋਂ ਚੋਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਚੋਰੀ ਦੀ ਘਟਨਾ ਸਬੰਧੀ ਸਥਾਨਕ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ ਮੁਖੀ ਇੰਸ: ਗੁਲਾਬ ਸਿੰਘ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਵੀ ਲਿਆ ਗਿਆ ਹੈ। ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮੰਦਿਰ ਦੇ ਗੱਲਿਆਂ ਵਿੱਚੋਂ ਚੋਰੀ ਹੋਏ ਪੈਸਿਆਂ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਦੋਨਾਂ ਗੱਲਿਆਂ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਹੋਣ ਦੀ ਸ਼ੰਕਾ ਹੈ। ਜਾਂਚ ਸਿਟੀ ਮੁਖੀ ਇੰਸ: ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਦਿਰ ਕਮੇਟੀ ਵੱਲੋਂ ਫਿਲਹਾਲ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਜਿਉਂ ਹੀ ਕਮੇਟੀ ਵੱਲੋਂ ਸ਼ਿਕਾਇਤ ਹਾਸਲ ਹੋਵੇਗੀ ਉਸ ਦੇ ਆਧਾਰ ਉੱਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।