ਸੰਗਰੂਰ, 15 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) – ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ 11 ਜੁਲਾਈ ਦੀ ਸ਼ਾਮ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕਿਸਾਨ ਪਾਸੋ 65 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ ਤਿੰਨੇ ਨੌਜਵਾਨਾਂ ਨੂੰ ਸੰਗਰੂਰ ਪੁਲਿਸ ਵੱਲੋਂ ਵਾਰਦਾਤ ਮੌਕੇ ਵਰਤੇ ਗਏ ਮੋਟਰਸਾਈਕਲ ਅਤੇ ਦਾਹ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.ਪੀ. (ਡੀ) ਦਵਿੰਦਰ ਅੱਤਰੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਦਿਹਾੜੇ ਹਥਿਆਰ ਦੀ ਨੌਕ ਉੱਤੇ ਹੋਏ ਖੋਹ ਦੇ ਮਾਮਲੇ ਨੂੰ ਐਸ.ਐਸ.ਪੀ. ਸੰਗਰੂਰ ਡਾ: ਰਵਜੋਤ ਗਰੇਵਾਲ ਵੱਲੋਂ ਬੜੀ ਗੰਭੀਰਤਾਂ ਨਾਲ ਲੈਂਦਿਆ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਸੰਗਰੂਰ ਅਤੇ ਥਾਣਾ ਸਿਟੀ 1 ਸੰਗਰੂਰ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੇ ਨੌਜਵਾਨਾਂ ਰਮਨ ਕੁਮਾਰ ਵਾਸੀ ਗੁਰੂ ਤੇਗ਼ ਬਹਾਦਰ ਕਲੋਨੀ ਸੰਗਰੂਰ, ਅਭਿਸ਼ੇਕ ਵਾਸੀ ਅੰਬੇਡਕਰ ਨਗਰ ਸੰਗਰੂਰ ਅਤੇ ਲਵਪ੍ਰੀਤ ਸਿੰਘ ਲੱਭੂ ਵਾਸੀ ਅੰਬੇਡਕਰ ਨਗਰ ਸੰਗਰੂਰ ਨੂੰ ਸੀ.ਆਈ.ਏ ਸਟਾਫ਼ ਸੰਗਰੂਰ ਵੱਲੋਂ ਮਹਿਜ 15 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਪਾਸੋਂ ਵਾਰਦਾਤ ਮੌਕੇ ਵਰਤਿਆ ਗਿਆ ਮੋਟਰਸਾਈਕਲ ਅਤੇ ਦਾਹ ਤੋਂ ਇਲਾਵਾ ਖੋਹ ਕੀਤੀ ਗਈ ਰਕਮ ਵਿੱਚੋਂ 24 ਹਜ਼ਾਰ 500 ਰੁਪਏ ਵੀ ਬਰਾਮਦ ਕਰਵਾਏ ਗਏ। ਐਸ.ਪੀ. ਅੱਤਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਤਿੰਨੋਂ ਨੌਜਵਾਨਾਂ ਦਾ ਸਾਬਕਾ ਰਿਕਾਰਡ ਚੈੱਕ ਕਰਨ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਉੱਤੇ ਪਹਿਲਾਂ ਵੀ ਕਰੀਬ 21 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ਼ ਹਨ ਅਤੇ ਇਹ ਇਨ੍ਹਾਂ ਮੁਕੱਦਮਿਆਂ ਵਿੱਚ ਜੇਲ੍ਹ ਵੀ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਲੁੱਟਾਂ ਖੋਹਾਂ ਕਰਨ ਲਈ ਆਪਣਾ ਗਿਰੋਹ ਬਣਾਇਆ ਹੋਇਆ ਸੀ ਜਿਸ ਦਾ ਲਵਪ੍ਰੀਤ ਸਿੰਘ ਲੱਭੂ ਮੁਖੀ ਸੀ ਅਤੇ ਇਹ ਗਿਰੋਹ ਸਾਲ 2016 ਤੋਂ ਅਜਿਹੀਆਂ ਵਾਰਦਾਤਾਂ ਵਿੱਚ ਸਰਗਰਮ ਹੈ। ਐਸ.ਪੀ. ਨੇ ਦੱਸਿਆ ਕਿ ਖੋਹ ਕੀਤੀ ਗਈ ਬਾਕੀ ਦੀ ਰਕਮ ਇਨ੍ਹਾਂ ਵੱਲੋਂ ਆਪਣੀਆਂ ਹੋਰਨਾਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਨਸ਼ਿਆਂ ਦਾ ਸੇਵਨ ਕਰਨ ਲਈ ਖ਼ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਖੋਹ ਦੀ ਰਕਮ ਨਾਲ ਜਿਸ ਕਿਸੇ ਵਿਅਕਤੀ ਤੋਂ ਨਸ਼ਾ ਖ਼ਰੀਦਿਆਂ ਹੈ ਉਸ ਨੂੰ ਵੀ ਮੁਕੱਦਮੇ ਵਿੱਚ ਨਾਮਜਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਨਾਲ ਕੁੱਝ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾਂ ਹੈ। ਇਸ ਮੌਕੇ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ, ਸੀ.ਆਈ.ਏ. ਸਟਾਫ਼ ਇੰਚਾਰਜ਼ ਇੰਸ: ਸੰਦੀਪ ਸਿੰਘ, ਥਾਣਾ ਸਿਟੀ-1 ਮੁਖੀ ਇੰਸ: ਸੁਖਦੀਪ ਸਿੰਘ, ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ਼ ਪਵਨ ਕੁਮਾਰ ਅਤੇ ਥਾਣੇਦਾਰ ਰਾਮ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।