ਖਨੌਰੀ, 18 ਜੁਲਾਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿੱਚ ਲਿਫਟ ਦੇ ਬਹਾਨੇ ਇੱਕ ਬਜ਼ੁਰਗ ਮਹਿਲਾ ਨਾਲ ਲੁੱਟ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਦੋ ਔਰਤਾਂ ਅਤੇ ਇੱਕ ਨੌਜਵਾਨ ਡਰਾਈਵਰ ਨੇ ਮਹਿਲਾ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਕਾਰ ਵਿੱਚ ਬਿਠਾਇਆ ਅਤੇ ਸ਼ਹਿਰ ਤੋਂ ਬਾਹਰ ਲੈ ਜਾ ਕੇ ਉਸ ਦੇ ਕੰਨਾਂ ਵਿੱਚ ਪਾਈਆਂ ਕਰੀਬ ਦੋ ਤੋਲੇ ਸੋਨੇ ਦੀਆਂ ਵਾਲੀਆਂ ਅਤੇ ਥੈਲੇ ਵਿੱਚ ਪਏ 50 ਹਜ਼ਾਰ ਰੁਪਏ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮ ਮਹਿਲਾ ਨੂੰ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ।ਪੀੜਤ ਮਹਿਲਾ ਦੀ ਪਛਾਣ ਸੁਖਚੈਨ ਕੌਰ, ਪਤਨੀ ਬੂਟਾ ਸਿੰਘ, ਵਾਸੀ ਪਿੰਡ ਸ਼ੇਰਗੜ੍ਹ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਤਾਈ ਸੁਖਚੈਨ ਕੌਰ ਆਪਣੇ ਪੇਕੇ ਪਿੰਡ ਅਲੀਪੁਰ ਜਾਣ ਲਈ ਖਨੌਰੀ ਬੱਸ ਸਟੈਂਡ ਤੋਂ ਪਟਿਆਲਾ ਜਾਣ ਵਾਲੀ ਬੱਸ ਵਿੱਚ ਸਵਾਰ ਹੋਈ ਸੀ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਬੈਠੀ ਇੱਕ ਔਰਤ ਨੇ ਗੱਲਬਾਤ ਦੌਰਾਨ ਆਪਣੇ ਆਪ ਨੂੰ ਵੀ ਪਟਿਆਲਾ ਜਾਣ ਵਾਲੀ ਦੱਸਦਿਆਂ ਕਿਹਾ ਕਿ ਉਸ ਨੇ ਆਪਣੇ ਲੜਕੇ ਨੂੰ ਕਾਰ ਲਿਆਉਣ ਲਈ ਬੁਲਾਇਆ ਹੈ ਅਤੇ ਗਰਮੀ ਕਾਰਨ ਬੱਸ ਦੀ ਬਜਾਏ ਕਾਰ ਵਿੱਚ ਚੱਲਣ ਦੀ ਸਲਾਹ ਦਿੱਤੀ। ਸੁਖਚੈਨ ਕੌਰ ਉਸ ਦੀਆਂ ਗੱਲਾਂ ਵਿੱਚ ਆ ਕੇ ਬੱਸ ਤੋਂ ਉਤਰ ਗਈ। ਬੱਸ ਸਟੈਂਡ ‘ਤੇ ਖੜ੍ਹੀ ਕਾਰ ਵਿੱਚ ਪਹਿਲਾਂ ਹੀ ਇੱਕ ਨੌਜਵਾਨ ਡਰਾਈਵਰ ਅਤੇ ਇੱਕ ਹੋਰ ਔਰਤ ਮੌਜੂਦ ਸਨ। ਸੁਖਚੈਨ ਕੌਰ ਨੂੰ ਪਿਛਲੀ ਸੀਟ ‘ਤੇ ਵਿਚਕਾਰ ਬਿਠਾ ਲਿਆ ਗਿਆ। ਬੱਸ ਸਟੈਂਡ ਤੋਂ ਬਾਹਰ ਨਿਕਲਣ ਉਪਰੰਤ ਡਰਾਇਵਰ ਨੇ ਕਾਰ ਨੂੰ ਪਟਿਆਲਾ ਦੀ ਬਜਾਏ ਨਰਵਾਣਾ ਵਾਲੇ ਪਾਸੇ ਮੋੜ ਦਿੱਤਾ ਗਿਆ। ਜਦੋਂ ਮਹਿਲਾ ਨੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ’ਚੋਂ ਇੱਕ ਔਰਤ ਨੇ ਉਸ ਨੂੰ ਜੱਫਾ ਮਾਰਨ ਲਿਆ ਅਤੇ ਦੂਸਰੀ ਔਰਤ ਨੇ ਜ਼ਬਰਦਸਤੀ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਬੈਗ ਵਿੱਚ ਪਏ ਕਰੀਬ 50 ਹਜ਼ਾਰ ਰੁਪਏ ਖੋਹ ਲਏ। ਇਸ ਤੋਂ ਬਾਅਦ ਉਸ ਨੂੰ ਸੰਗਰੂਰ–ਦਿੱਲੀ ਮੁੱਖ ਮਾਰਗ ‘ਤੇ ਨਰਵਾਣਾ ਵਾਲੇ ਪਾਸੇ ਸਤਸੰਗ ਘਰ ਦੇ ਸਾਹਮਣੇ ਕਾਰ ਵਿੱਚੋਂ ਸੁੱਟ ਕੇ ਮੁਲਜ਼ਮ ਫ਼ਰਾਰ ਹੋ ਗਏ।ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੁਖਚੈਨ ਕੌਰ ਨੂੰ ਉਨ੍ਹਾਂ ਦਾ ਜਾਣਕਾਰ ਇੱਕ ਨੌਜਵਾਨ ਘਰ ਛੱਡ ਕੇ ਗਿਆ, ਜਿਸ ਉਪਰੰਤ ਮਾਮਲੇ ਦੀ ਸੂਚਨਾ ਖਨੌਰੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਸ ਸਟੈਂਡ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਾ ਸੀ।
ਮਾਮਲਾ ਖਨੌਰੀ ਵਿਖੇ ਬਜ਼ੁਰਗ ਔਰਤ ਨਾਲ ਫਿਲਮੀ ਸਟਾਈਲ ਵਿੱਚ ਲੁੱਟ ਖੋਹ ਦਾ ਖਨੌਰੀ ਵਿੱਚ ਲਿਫਟ ਦੇ ਬਹਾਨੇ ਬਜ਼ੁਰਗ ਮਹਿਲਾ ਨਾਲ ਲੁੱਟ, ਦੋ ਤੋਲੇ ਸੋਨੇ ਦੀਆਂ ਵਾਲੀਆਂ ਤੇ 50 ਹਜ਼ਾਰ ਰੁਪਏ ਖੋਹ ਕੇ ਕਾਰ ਸਵਾਰ ਫ਼ਰਾਰ
ਅਜੀਤ ਡੈਸਕ
19-07-2026