ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿੱਚੋਂ ਤਿੰਨ ਬਰੀ
ਅਜੀਤ ਡੈਸਕ
19-07-2026
ਸੰਗਰੂਰ, 18 ਜੁਲਾਈ (ਧੀਰਜ ਪਸੋਰੀਆ) – ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਅਤੇ ਸੁਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਨਸ਼ੀਲੀਆਂ ਦਵਾਈਆਂ ਦੇ ਇੱਕ ਮਾਮਲੇ ਵਿੱਚੋਂ ਤਿੰਨ ਜਣਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।ਪੁਲਿਸ ਥਾਣਾ ਚੀਮਾ ਵਿਖੇ 8 ਫਰਵਰੀ 2020 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਨੂੰ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਕੀਤੀ ਜਾ ਰਹੀ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਅਨ ਬਡਬਰ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਉਹ ਧਰਮਗੜ੍ਹ ਸਾਈਡ ਤੋਂ ਵਹੀਕਲਾਂ ਦੀ ਲਿਫਟ ਲੈ ਕੇ ਪੱਕੇ ਗਹਾਕਾਂ ਨੂੰ ਨਸੀਲਿਆਂ ਗੋਲੀਆਂ ਵੇਚਣ ਲਈ ਤੋਲਾਵਾਲ ਪਿੰਡ ਵੱਲ ਜਾਣਗੇ। ਗੁਪਤ ਇਤਲਾਹ ਮਿਲਣ ਤੇ ਪੁਲਿਸ ਨੇ ਪੁਲ ਡਰੇਨ ਬਾਹਦ ਪਿੰਡ ਤੋਲਾਵਾਲ ਵਿਖੇ ਕੀਤੀ ਨਾਕਾਬੰਦੀ ਦੌਰਾਨ ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਅਨ ਬਡਬਰ ਨੂੰ 500 -500 ਕੁੱਲ 1000 ਟਰਾਮਾਡੋਲ ਦੀਆਂ ਗੋਲੀਆਂ ਜਿਨ੍ਹਾਂ ਦੀ ਵਰਤੋਂ ਨਸ਼ੇ ਦੇ ਤੌਰ ਤੇ ਕੀਤੀ ਜਾ ਸਕਦੀ ਹੈ ਸਮੇਤ ਕਾਬੂ ਕਰਨ ਦਾ ਦਾਅਵਾ ਕਰਦਿਆ ਉਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ। ਗਿਰਫਤਾਰ ਇਹਨਾਂ ਦੋਨਾਂ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਹਰਜੀਤ ਸਿੰਘ ਵਾਸੀ ਹਰਿਆਊ ਥਾਣਾ ਲਹਿਰਾ ਨੂੰ ਵੀ ਇਸ ਮਾਮਲੇ ਵਿੱਚ ਨਾਮਜਦ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਤਿੰਨਾਂ ਜਣਿਆਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।