ਅਮਰਗੜ੍ਹ, 22 ਜੁਲਾਈ (ਪਵਿੱਤਰ ਸਿੰਘ) - ਕੇਂਦਰ ਸਰਕਾਰ ਵੱਲੋਂ ਜੰਤਰ-ਮੰਤਰ ‘ਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ‘ਤੇ ਬਲ ਪ੍ਰਯੋਗ ਕਰਨਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਘਟਨਾ ਹੈ l ਜਦੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਉਨ੍ਹਾਂ ਨੌਜਵਾਨਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਲਈ ਅੱਗੇ ਵਧੇ, ਤਾਂ ਦਿੱਲੀ ਪੁਲਿਸ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਤੇ ਉਹਨਾਂ ਉੱਪਰ ਭਾਰੀ ਤਸ਼ੱਦਦ ਢਾਹਿਆ ਗਿਆ l ਨੌਜਵਾਨਾਂ ਦੀ ਆਵਾਜ਼ ਨੂੰ ਡੰਡਿਆਂ ਨਾਲ ਨਹੀਂ ਦਬਾਇਆ ਜਾ ਸਕਦਾ। ਕਾਂਗਰਸ ਹਰ ਹਾਲਤ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਤੋਂ ਸਰਗਰਮ ਕਾਂਗਰਸ ਆਗੂ ਕਮਲ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਹ ਸੱਚਾਈ ਅਤੇ ਹਿੰਮਤ ਦੀ ਜਿਉਂਦੀ-ਜਾਗਦੀ ਮਿਸਾਲ ਹੈ l ਅੱਜ ਸੜਕਾਂ ਤੋਂ ਲੈ ਕੇ ਸਦਨ ਤੱਕ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਵੰਗਾਰਨ ਵਾਲੇ ਦੇਸ਼ ਦੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਤੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਦੀ ਨਿਡਰ ਲੀਡਰਸ਼ਿਪ ਨੂੰ ਸਲੂਟ ਹੈ l ਵਿਰੋਧੀ ਧਿਰ ਦੀ ਅਸਲ ਤਾਕਤ ਕੀ ਹੁੰਦੀ ਹੈ,ਅੱਜ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ । ਕਿਸੇ ਵੀ ਦਬਾਅ ਅੱਗੇ ਨਾ ਝੁਕਣ ਵਾਲਾ ਇਹ ਨਿਡਰ ਰੁਖ ਦੇਸ਼ ਦੇ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਢਾਲ ਹੈ। ਜਨਤਾ ਦੀ ਆਵਾਜ਼ ਨੂੰ ਹਿੰਮਤ ਤੇ ਜ਼ੋਰ ਨਾਲ ਚੁੱਕਣ ਲਈ ਦੋਵਾਂ ਆਗੂਆਂ ਦੀ ਸਲਾਘਾ ਯੋਗ ਹੈl ਦੋਵੇਂ ਆਗੂਆਂ ਦੀ ਦ੍ਰਿੜਤਾ ਦੇਸ਼ ਦੇ ਨੌਜਵਾਨਾਂ ਨੂੰ ਹਿੰਮਤ ਦਿੰਦੀ ਹੈ l ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਸਿੱਖਿਆ ਢਾਂਚਾ ਪੂਰੀ ਤਰ੍ਹਾਂ ਲੜਖੜਾ ਚੁੱਕਾ ਹੈ। ਬੱਚਿਆਂ ਦੇ ਹੱਕਾਂ ਅਤੇ ਇੱਕ ਮਜ਼ਬੂਤ ਸਿੱਖਿਆ ਪ੍ਰਣਾਲੀ ਦੀ ਲੜਾਈ ਲੜਨ ਲਈ ਕਾਂਗਰਸ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹੇਗੀ l ਇਸ ਮੌਕੇ ਐਡਵੋਕੇਟ ਮੁਹੰਮਦ ਜਮੀਲ ਬਨਭੌਰਾ, ਸਰਪੰਚ ਮੁਹੰਮਦ ਸਲੀਮ ਦਲੇਲਗੜ੍ਹ, ਡਾ, ਗੁਲਸ਼ਨ ਹਿੰਮਤਾਣਾ, ਸਰਪੰਚ ਚਮਕੌਰ ਸਿੰਘ ਭੈਣੀ ਖੁਰਦ, ਗੁਰਪ੍ਰੀਤ ਭੈਣੀ ਕਲਾ, ਮੁਹੰਮਦ ਅਰਪਦ ਬਿੰਜੋਕੀ ਕਲਾਂ, ਸਰਦਾਰ ਅਲੀ, ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।