ਮੂਣਕ, 22 ਜੁਲਾਈ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਬਰਸਾਤੀ ਮੌਸਮ ਦੌਰਾਨ ਸੋਸ਼ਲ ਮੀਡੀਆ ‘ਤੇ ਘੱਗਰ ਦਰਿਆ ਦੀਆਂ ਪੁਰਾਣੀਆਂ ਹੜ੍ਹ ਵਾਲੀਆਂ ਵੀਡੀਓਆਂ ਵਾਇਰਲ ਹੋਣ ਕਾਰਨ ਸਬ-ਡਵੀਜ਼ਨ ਮੂਣਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਵਿੱਚ ਬੇਵਜ੍ਹਾ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਹਰ ਸਾਲ ਬਰਸਾਤ ਸ਼ੁਰੂ ਹੁੰਦੇ ਹੀ ਪੁਰਾਣੀਆਂ ਵੀਡੀਓਆਂ ਨੂੰ ਨਵੀਆਂ ਦੱਸ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹਨ, ਜਿਸ ਨਾਲ ਲੋਕਾਂ ਵਿੱਚ ਹੜ੍ਹ ਦਾ ਖੌਫ਼ ਪੈਦਾ ਹੋ ਜਾਂਦਾ ਹੈ।ਘੱਗਰ ਦਰਿਆ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਹਰਿਆਣਾ ਅਤੇ ਪੰਜਾਬ ਦੇ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਰਾਜਸਥਾਨ ਤੱਕ ਜਾਂਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਦਰਿਆ ਵਿੱਚ ਆਉਣ ਵਾਲੇ ਹੜ੍ਹ ਕਈ ਇਲਾਕਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਰਹੇ ਹਨ। ਹਰਿਆਣਾ ਦੇ ਚੀਕਾ ਅਤੇ ਜਾਖਲ ਮੰਡੀ ਤੋਂ ਇਲਾਵਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕੁੱਝ ਪਿੰਡ ਵੀ ਇਸ ਦੀ ਮਾਰ ਹੇਠ ਆਉਂਦੇ ਹਨ, ਪਰ ਸਬ-ਡਵੀਜ਼ਨ ਮੂਣਕ ਦੇ ਲਗਭਗ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਤਾਂ ਤਕਰੀਬਨ ਹਰ ਸਾਲ ਇਸ ਸਥਿਤੀ ਦਾ ਵੱਧ ਸਾਹਮਣਾ ਕਰਨਾ ਪੈਂਦਾ ਹੈ।ਸਥਾਨਕ ਜਾਣਕਾਰੀ ਅਨੁਸਾਰ ਘੱਗਰ ਇੱਕ ਬਰਸਾਤੀ ਦਰਿਆ ਹੈ ਅਤੇ ਇਸ ਵਿੱਚ ਪਾਣੀ ਮੁੱਖ ਤੌਰ ‘ਤੇ ਭਾਰੀ ਮੀਂਹ ਪੈਣ ਤੋਂ ਬਾਅਦ ਹੀ ਵਧਦਾ ਹੈ। ਮਾਹਿਰਾਂ ਅਤੇ ਇਲਾਕੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ, ਪੰਚਕੂਲਾ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਪੈਣ ਵਾਲੀ ਬਾਰਿਸ਼ ਦਾ ਪਾਣੀ ਮੂਣਕ ਖੇਤਰ ਤੱਕ ਪਹੁੰਚਣ ਵਿੱਚ ਘੱਟੋ-ਘੱਟ 72 ਘੰਟੇ ਲੱਗਦੇ ਹਨ। ਇਸ ਲਈ ਉੱਥੇ ਪਏ ਮੀਂਹ ਤੋਂ ਤੁਰੰਤ ਬਾਅਦ ਮੂਣਕ ਵਿੱਚ ਹੜ੍ਹ ਆਉਣ ਦਾ ਡਰ ਬਣਨਾ ਹਕੀਕਤ ਨਾਲ ਮੇਲ ਨਹੀਂ ਖਾਂਦਾ।ਉਨ੍ਹਾਂ ਨੇ ਦੱਸਿਆ ਕਿ ਕੇਵਲ ਚੰਡੀਗੜ੍ਹ ਜਾਂ ਪੰਚਕੂਲਾ ਵਿੱਚ ਬਾਰਿਸ਼ ਪੈਣ ਨਾਲ ਘੱਗਰ ਵਿੱਚ ਹੜ੍ਹ ਵਰਗੀ ਸਥਿਤੀ ਨਹੀਂ ਬਣਦੀ। ਅਸਲ ਵਿੱਚ ਜ਼ੀਰਕਪੁਰ ਤੋਂ ਅੱਗੇ ਮਾਰਕੰਡਾ, ਟਾਂਗਰੀ ਅਤੇ ਹੋਰ ਸਹਾਇਕ ਨਦੀਆਂ ਦਾ ਵੱਡੀ ਮਾਤਰਾ ਵਿੱਚ ਪਾਣੀ ਘੱਗਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਹੜ੍ਹ ਦਾ ਖ਼ਤਰਾ ਵਧਦਾ ਹੈ। ਮੌਜੂਦਾ ਸਮੇਂ ਘੱਗਰ ਦਰਿਆ ਦੀ ਸਥਿਤੀ ਆਮ ਦੱਸੀ ਜਾ ਰਹੀ ਹੈ। ਮੂਣਕ ਵਿਖੇ ਦਰਿਆ ਵਿੱਚ ਸਿਰਫ਼ ਇੱਕ ਤੋਂ ਦੋ ਫੁੱਟ ਤੱਕ ਪਾਣੀ ਚੱਲ ਰਿਹਾ ਹੈ ਅਤੇ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਇਸ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪੁਰਾਣੀਆਂ ਵੀਡੀਓਆਂ ਅਤੇ ਕੁੱਝ ਮੀਡੀਆ ਰਿਪੋਰਟਾਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਗਈ ਹੈ ਅਤੇ ਕਈ ਪਿੰਡਾਂ ਦੇ ਵਸਨੀਕ ਲਗਾਤਾਰ ਦਰਿਆ ਦੀ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਹਨ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ‘ਤੇ ਘੱਗਰ ਦਰਿਆ ਨਾਲ ਸਬੰਧਤ ਪੁਰਾਣੀਆਂ ਅਤੇ ਭਰਮ ਫੈਲਾਉਣ ਵਾਲੀਆਂ ਵੀਡੀਓਆਂ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਦਰਿਆ ਦੇ ਪਾਣੀ ਦੀ ਅਸਲ ਸਥਿਤੀ ਬਾਰੇ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਜਾਵੇ, ਤਾਂ ਜੋ ਅਫ਼ਵਾਹਾਂ ‘ਤੇ ਰੋਕ ਲੱਗ ਸਕੇ ਅਤੇ ਲੋਕਾਂ ਵਿੱਚ ਬੇਵਜ੍ਹਾ ਡਰ ਦਾ ਮਾਹੌਲ ਨਾ ਬਣੇ।