ਸੰਗਰੂਰ, 28 ਜੁਲਾਈ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਕੀਤੇ ਪ੍ਰਦਸ਼ਨ ਦੌਰਾਨ ਪੁਲਿਸ ਨਾਲ ਤਿੱਖੀਆਂ ਝੜਪਾਂ ਅਤੇ ਧੱਕਾਮੁੱਕੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਡਰੀਮਲੈਂਡ ਕਲੋਨੀ ਬਾਹਰ ਪੁਲਿਸ ਬੈਰੀਕੇਡ ਡਰੀਮ ਲੈਂਡ ਕਲੋਨੀ ਬਾਹਰ ਪੁਲਿਸ ਬੈਰੀਕੇਡ ਨੂੰ ਹਟਾਉਂਦਿਆਂ ਗਾਗਾ ਅਤੇ ਉਨ੍ਹਾਂ ਦੇ ਸਾਥੀ ਅੱਗੇ ਵਧੇ ਪਰ ਕਲੋਨੀ ਦੇ ਗੇਟ ਉੱਤੇ ਪੁਲਿਸ ਵਲੋਂ ਰੋਕ ਲਏ ਗਏ ਜਿੱਥੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਫੂਕਦਿਆਂ ਜੋਰਦਾਰ ਨਾਅਰੇਬਾਜੀ ਵੀ ਕੀਤੀ। ਬਰਨਾਲਾ ਵਿਖੇ ਪੁਲਿਸ ਵਲੋਂ ਸਫਾਈ ਸੇਵਕਾਂ ਉੱਪਰ ਕੀਤੇ ਲਾਠੀਚਾਰਜ ਅਤੇ ਜਿਆਦਤੀਆਂ ਖਿਲਾਫ ਕਾਂਗਰਸ ਪਾਰਟੀ ਨੇ ਇਸ ਪ੍ਰਦਸ਼ਨ ਦਾ ਪ੍ਰੋਗਰਾਮ ਉੱਲੀਕਿਆ ਗਿਆ ਸੀ, ਜਿਸ ਦੇ ਚੱਲਦਿਆਂ ਤੜਕਸਾਰ ਤੋਂ ਹੀ ਕਾਂਗਰਸ ਵਰਕਰ ਅਤੇ ਆਗੂ ਸੰਗਰੂਰ ਪਟਿਆਲਾ ਫਲਾਈ ਓਵਰ ਹੇਠਾਂ ਇਕੱਤਰ ਹੋਣੇ ਸ਼ੁਰੂ ਹੋ ਗਏ। ਇਸ ਪ੍ਰਦਸ਼ਨ ਵਿੱਚ ਪੁੱਜੇ ਪ੍ਰਮੁੱਖ ਆਗੂਆਂ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਬਿੰਦਰ ਬਾਂਸਲ, ਕੌਸਲਰ ਬਲਵੀਰ ਕੌਰ ਸੈਣੀ, ਸ਼ਕਤੀਜੀਤ ਸਿੰਘ, ਦੁਰਲੱਭ ਸਿੱਧੂ, ਚਮਕੌਰ ਜੱਸੀ ਕਰਤਾਰਪੁਰਾ, ਗੁਰਵਿੰਦਰ ਸਿੰਘ ਮੋਖਾ, ਵਿਜੈਇੰਦਰ ਸਿੰਗਲਾ ਦੇ ਨਿੱਜੀ ਸਕੱਤਰ ਭਰਤ ਗਰਗ, ਜਸਮੇਲ ਸਿੰਘ ਡੇਅਰੀਵਾਲਾ, ਮਨਪ੍ਰੀਤ ਸਿੰਘ ਮਨੀ ਵੜੈਚ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰ, ਕੌਸਲਰ ਸੁਰਿੰਦਰ ਸਿੰਘ ਭਿੰਡਰ ਦੇ ਨਾਮ ਸ਼ਾਮਲ ਹਨ। ਮੁੱਖ ਮੰਤਰੀ ਨਿਵਾਸ ਪੁੱਜਣ ਤੋਂ ਪਹਿਲਾ ਹਰਪਾਲ ਸੋਨੂ ਦੁਆਰਾ ਕੀਤੇ ਮੰਚ ਸੰਚਾਲਨ ਦੌਰਾਨ ਆਗੂਆਂ ਨੇ ਬਰਨਾਲਾ ਵਿਖੇ ਸਫਾਈ ਸੇਵਕਾਂ ਉੱਪਰ ਹੋਏ ਪੁਲਿਸ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਉੱਪਰ ਇਹ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਬਰਨਾਲਾ ਜਿਨ੍ਹਾਂ ਮਹਿਲਾਵਾਂ ਉੱਪਰ ਅੱਤਿਆਚਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਦੀ ਕਰੂਰਤਾਂ ਦੀ ਘਟਨਾ ਦਾ ਸਬੂਤ ਇਹ ਹੈ ਕਿ ਉਨ੍ਹਾਂ ਵਲੋਂ ਮਹਿਲਾ ਸਫਾਈ ਕਰਮਚਾਰੀਆਂ ਦੇ ਸਿਰ ਉੱਤੇ ਲਾਠੀਆਂ ਤੱਕ ਬਰਸਾਈਆਂ ਗਈਆਂ। ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਪ੍ਰਦਸਨਕਾਰੀਆਂ ਦਾ ਕਸੂਰ ਕੇਵਲ ਇਹ ਸੀ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸਨ ਪਰ ਪੰਜਾਬ ਸਰਕਾਰ ਦੇ ਇਸਾਰੇ ਉੱਪਰ ਜਬਰ ਜੁਲਮ ਦੀ ਹੱਦਾ ਪਾਰ ਕਰਣ ਵਿੱਚ ਲੱਗੇ ਪੁਲਿਸ ਅਧਿਕਾਰੀਆਂ ਨੇ ਕਿਸੇ ਵੀ ਪ੍ਰਦਸ਼ਨਕਾਰੀ ਨੂੰ ਨਹੀਂ ਬਖਸ਼ਿਆਂ। ਛੱਲੀਆਂ ਵਾਂਗ ਸਫਾਈ ਸੇਵਕਾਂ ਨੂੰ ਕੁਟਿਆ ਗਿਆ ਪਰ ਦਲਿਤ ਵਰਗਾਂ ਦੀ ਹਿਤੈਸ਼ੀ ਕਹਾਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਕੇਵਲ ਖਾਨਾਪੂਰਤੀ ਵਜੋਂ ਡੀ.ਐਸ.ਪੀ. ਨੂੰ ਮੁੱਅਤ ਹੀ ਕੀਤਾ ਗਿਆ ਹੈ। ਮਹਿਲਾ ਆਗੂ ਅਤੇ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜਦ ਤੱਕ ਦੋਸ਼ੀ ਡੀ.ਐਸ.ਪੀ. ਨੂੰ ਨੌਕਰੀ ਤੋਂ ਡਿਸਮਿਸ ਨਹੀਂ ਕੀਤਾ ਜਾਂਦਾ ਤਦ ਤੱਕ ਕਾਂਗਰਸ ਦਾ ਸੰਘਰਸ਼ ਜਾਰੀ ਰਹੇਗਾ। ਫਲਾਈਓਵਰ ਹੇਠਾਂ ਨਾਅਰੇਬਾਜੀ ਕਰਨ ਉਪਰੰਤ ਪ੍ਰਦਸ਼ਨਕਾਰੀ ਤੇਜੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ। ਪੁਲਿਸ ਫੋਰਸ ਜਿਸ ਦੀ ਅਗਵਾਈ ਡੀ.ਐੱਸ.ਪੀ. ਸਤਨਾਮ ਸਿੰਘ ਅਤੇ ਐੱਸ.ਐੱਚ.ਓ. ਸਦਰ ਜਸਵਿੰਦਰ ਕੌਰ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਜੋਸ਼ ਨਾਲ ਭਰੇ ਕਾਂਗਰਸ ਵਰਕਰ ਰੋਕਾਂ ਨੂੰ ਹਟਾਉਂਦਿਆਂ ਡਰੀਮ ਲੈਂਡ ਕਲੋਨੀ ਦੇ ਮੁੱਖ ਗੇਟ ਤੱਕ ਪੁੱਜਣ ਵਿੱਚ ਸਫਲ ਰਹੇ। ਕਾਂਗਰਸ ਆਗੂ, ਵਰਕਰ ਮੁੱਖ ਮੰਤਰੀ ਨਿਵਾਸ ਤੱਕ ਜਾਣ ਲਈ ਬਜਿੱਦ ਸਨ ਅਤੇ ਉਨ੍ਹਾਂ ਦੀ ਪੁਲਿਸ ਨਾਲ ਕਾਫੀ ਸਮਾਂ ਧੱਕਾਮੁੱਕੀ ਅਤੇ ਖਿੱਚਧੂਹ ਵੀ ਹੋਈ। ਅੰਤ ਕਾਂਗਰਸ ਨਾਲ ਸਬੰਧਤ ਪ੍ਰਦਸ਼ਨਕਾਰੀਆਂ ਨੇ ਕਲੋਨੀ ਦੇ ਗੇਟ ਉੱਤੇ ਹੀ ਪੁੱਤਲਾ ਫੂਕਦਿਆਂ ਅਤੇ ਤਿੱਖੀ ਨਾਅਰੇਬਾਜੀ ਕਰਦਿਆਂ ਆਪਣਾ ਪ੍ਰਦਸ਼ਨ ਸਮਾਪਤ ਕੀਤਾ। ਇਸ ਮੌਕੇ ਹਾਜਰ ਹੋਰ ਆਗੂਆਂ ਵਿੱਚ ਅਮ੍ਰਿਤ ਬਰਾੜ ਕਾਝਲਾ, ਅਵਤਾਰ ਸਿੰਘ ਤਾਰੀ ਗੰਗਾ ਸਿੰਘ ਵਾਲਾ, ਕੌਸਲਰ ਸੁਰਿੰਦਰ ਸਿੰਘ ਭਿੰਡਰ, ਕੌਸਲਰ ਜੋਤੀ ਗਾਬਾ, ਕਰਮਜੀਤ ਕੌਰ, ਬਨੀ ਖੈਰਾ, ਬੂਟਾ ਸਿੰਘ, ਸੁਖਵਿੰਦਰ ਸਿੰਘ ਸੱਤੂ, ਹਰਿੰਦਰ ਸਿੰਘ ਹਿੰਦਾ, ਰੋਡਾ ਸਿੰਘ ਮਹਿਲਾ, ਮਨਪ੍ਰੀਤ ਮਨੀ ਵੜੈਚ, ਗੁਰਪ੍ਰੀਤ ਕੰਧੋਲਾ, ਹਰੀ ਸਿੰਘ ਫੱਗੂਵਾਲ ਆਦਿ ਮੌਜੂਦ ਸਨ।
ਕਾਂਗਰਸੀ ਵਰਕਰਾਂ ਦੀ ਮੁੱਖ ਮੰਤਰੀ ਨਿਵਾਸ ਬਾਹਰ ਪੁਲਿਸ ਨਾਲ ਜ਼ੋਰਦਾਰ ਧੱਕਾਮੁੱਕੀ ਤੇ ਖਿੱਚਧੂਹ
ਅਜੀਤ ਡੈਸਕ
29-07-2026