07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਖਨੌਰੀ ’ਚ ਸਰਗਰਮ ਅੰਤਰਰਾਜੀ ਲੁਟੇਰਾ ਗਰੋਹ ਦੀਆਂ ਚਾਰ ਔਰਤਾਂ ਨੂੰ ਲੋਕਾਂ ਨੇ ਦਬੋਚ ਕੇ ਕੀਤਾ ਪੁਲਿਸ ਹਵਾਲੇ

Ad Position 21
No active advertisement
ਅਜੀਤ ਡੈਸਕ 29-07-2026

ਖਨੌਰੀ, 28 ਜੁਲਾਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ ਵਿਚਕਾਰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਲੋਕਾਂ ਦੀ ਸੂਝ-ਬੂਝ ਅਤੇ ਹਿੰਮਤ ਸਦਕਾ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਜੀ ਗਰੋਹ ਦੀਆਂ ਚਾਰ ਔਰਤਾਂ ਨੂੰ ਮੌਕੇ ‘ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਗਰੋਹ ਦੀ ਇੱਕ ਹੋਰ ਔਰਤ ਅਤੇ ਇੱਕ ਵਿਅਕਤੀ ਘਟਨਾ ਦਾ ਸ਼ਿਕਾਰ ਹੋਈ ਔਰਤ ਦੀਆਂ ਲਾਹੀਆਂ ਸੋਨੇ ਦੀਆਂ ਵਾਲੀਆਂ ਸਮੇਤ ਕਾਰ ਤੇ ਫਰਾਰ ਹੋ ਜਾਣ ਵਿੱਚ ਕਾਮਯਾਬ ਹੋ ਗਏ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਚਾਰਾਂ ਔਰਤਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਇਸ ਗਰੋਹ ਨਾਲ ਜੁੜੇ ਹੋਰ ਮੈਂਬਰਾਂ ਅਤੇ ਖਨੌਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਹੋਈਆਂ ਸਨੈਚਿੰਗ ਦੀਆਂ ਕਈ ਵਾਰਦਾਤਾਂ ਤੋਂ ਵੀ ਪਰਦਾ ਉੱਠ ਸਕਦਾ ਹੈ।ਪੁਲਿਸ ਥਾਣਾ ਖਨੌਰੀ ਵਿੱਚ ਦਰਜ ਐੱਫ.ਆਈ.ਆਰ. ਅਨੁਸਾਰ ਵਾਰਡ ਨੰਬਰ-4 ਦੇ ਰਹਿਣ ਵਾਲੇ ਵਿਕਾਸ ਕੁਮਾਰ ਪੁੱਤਰ ਰਜਿੰਦਰ ਕੁਮਾਰ, ਜੋ ਅਲਮਾਰੀਆਂ ਅਤੇ ਪੇਟੀਆਂ ਬਣਾਉਣ ਦਾ ਕੰਮ ਕਰਦਾ ਹੈ, ਆਪਣੀ ਨਾਨੀ ਮਿਸਰੀ ਦੇਵੀ ਪਤਨੀ ਰਾਧਾ ਕ੍ਰਿਸ਼ਨ ਵਾਸੀ ਅਸੰਧ (ਜ਼ਿਲ੍ਹਾ ਕਰਨਾਲ, ਹਰਿਆਣਾ) ਨੂੰ ਬੱਸ ਰਾਹੀਂ ਵਾਪਸ ਘਰ ਭੇਜਣ ਲਈ ਖਨੌਰੀ ਬੱਸ ਸਟੈਂਡ ਗਿਆ ਹੋਇਆ ਸੀ।ਸ਼ਿਕਾਇਤ ਮੁਤਾਬਕ ਜਦੋਂ ਉਹ ਆਪਣੀ ਨਾਨੀ ਨੂੰ ਬੱਸ ਵਿੱਚ ਚੜ੍ਹਾ ਰਹੇ ਸਨ ਤਾਂ ਚਾਰ-ਪੰਜ ਔਰਤਾਂ ਅਤੇ ਇੱਕ ਵਿਅਕਤੀ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਇੱਕ ਔਰਤ ਨੇ ਮਿਸਰੀ ਦੇਵੀ ਦੇ ਕੰਨਾਂ ਵਿੱਚ ਪਾਈਆਂ ਕਰੀਬ ਇੱਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਉਹ ਦੂਜੀ ਔਰਤ ਦੇ ਹਵਾਲੇ ਕਰ ਦਿੱਤੀਆਂ। ਇਸ ਤੋਂ ਬਾਅਦ ਇੱਕ ਔਰਤ ਅਤੇ ਇੱਕ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।ਘਟਨਾ ਤੋਂ ਤੁਰੰਤ ਬਾਅਦ ਵਿਕਾਸ ਕੁਮਾਰ ਅਤੇ ਮਿਸਰੀ ਦੇਵੀ ਵਲੋਂ ਰੌਲਾ ਪਾਉਣ ‘ਤੇ ਉੱਥੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਚਾਰ ਔਰਤਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਲੋਕਾਂ ਦੀ ਇਸ ਚੌਕਸੀ ਕਾਰਨ ਇੱਕ ਵੱਡੀ ਅਪਰਾਧਿਕ ਵਾਰਦਾਤ ਦੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ। ਇਸ ਸਬੰਧੀ ਪੁਲਿਸ ਥਾਣਾ ਖਨੌਰੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਖਨੌਰੀ ਦੇ ਇੰਚਾਰਜ਼ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਸ਼ਰਨਜੀਤ ਕੌਰ ਉਰਫ਼ ਸਰਨ ਪਤਨੀ ਰਾਜਵਿੰਦਰ ਸਿੰਘ, ਸੋਮਾ ਉਰਫ਼ ਬਬਲੀ ਪਤਨੀ ਪਰਮਜੀਤ ਸਿੰਘ, ਪ੍ਰਕਾਸ਼ੋ ਪਤਨੀ ਰੂਪ ਸਿੰਘ ਵਾਸੀ ਭਾਦਸੋਂ (ਜ਼ਿਲ੍ਹਾ ਪਟਿਆਲਾ) ਅਤੇ ਸ਼ਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਬਾਗੜੀਆਂ, ਥਾਣਾ ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਫ਼ਰਾਰ ਹੋਏ ਇੱਕ ਅਣਪਛਾਤੇ ਵਿਅਕਤੀ ਅਤੇ ਇੱਕ ਔਰਤ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਚਾਰਾਂ ਔਰਤਾਂ ਦਾ ਅਪਰਾਧਿਕ ਰਿਕਾਰਡ ਕਾਫ਼ੀ ਲੰਮਾ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਖ਼ਿਲਾਫ਼ 36, ਦੂਜੀ ਖ਼ਿਲਾਫ਼ 7, ਤੀਜੀ ਖ਼ਿਲਾਫ਼ 6 ਅਤੇ ਚੌਥੀ ਖ਼ਿਲਾਫ਼ 3 ਅਪਰਾਧਿਕ ਮਾਮਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਗਰੋਹ ਦੇ ਹੋਰ ਮੈਂਬਰਾਂ, ਫ਼ਰਾਰ ਮੁਲਜ਼ਮਾਂ ਅਤੇ ਇਨ੍ਹਾਂ ਵਲੋਂ ਕੀਤੀਆਂ ਹੋਰ ਸਨੈਚਿੰਗ ਦੀਆਂ ਵਾਰਦਾਤਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਗਰੋਹ ਖਨੌਰੀ, ਸੰਗਰੂਰ, ਪਟਿਆਲਾ, ਮਲੇਰਕੋਟਲਾ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿੱਚ ਹੋਈਆਂ ਹੋਰ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਰਿਹਾ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ। ਇਸ ਘਟਨਾ ਤੋਂ ਬਾਅਦ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਖਨੌਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਨੈਚਿੰਗ ਦਾ ਸ਼ਿਕਾਰ ਹੋਏ ਕਈ ਲੋਕ ਵੀ ਥਾਣਾ ਖਨੌਰੀ ਪਹੁੰਚਣ ਲੱਗੇ ਹਨ। ਪੀੜਤਾਂ ਨੂੰ ਉਮੀਦ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਨਾਲ ਵਾਪਰੀਆਂ ਵਾਰਦਾਤਾਂ ਦੇ ਭੇਦ ਵੀ ਖੁੱਲ੍ਹ ਸਕਦੇ ਹਨ ਅਤੇ ਉਨ੍ਹਾਂ ਦਾ ਲੁੱਟਿਆ ਹੋਇਆ ਕੀਮਤੀ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਬਣ ਸਕਦੀ ਹੈ।ਖਨੌਰੀ ਦੇ ਲੋਕਾਂ ਨੇ ਇਸ ਕਾਰਵਾਈ ਨੂੰ ਪੁਲਿਸ ਅਤੇ ਆਮ ਲੋਕਾਂ ਦੇ ਆਪਸੀ ਸਹਿਯੋਗ ਦੀ ਇੱਕ ਵੱਡੀ ਮਿਸਾਲ ਕਰਾਰ ਦਿੰਦਿਆਂ ਆਸ ਜਤਾਈ ਹੈ ਕਿ ਇਸ ਗਰੋਹ ਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਸਨੈਚਿੰਗ ਦੀਆਂ ਘਟਨਾਵਾਂ ‘ਤੇ ਅੰਕੁਸ਼ ਲੱਗੇਗਾ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਭਵਿਆ ਕਥੂਰੀਆ ਦਾ ਦਬਦਬਾ ਅਗਲੀ ਖ਼ਬਰ ਝਾੜੂ ਦੀ ਰਾਜਨੀਤੀ ਜ਼ਰੀਏ ਸੱਤਾ ’ਚ ਆਈ ਆਪ ਸਫਾਈ ਸੇਵਕਾਂ ਦੀ ਸਾਰ ਲੈਣ ਤੋਂ ਮੁਨਕਰ–ਦਾਮਨ ਬਾਜਵਾ
Ad Position 24