ਸੰਗਰੂਰ, 28 ਜੁਲਾਈ (ਦਮਨਜੀਤ ਸਿੰਘ)–ਸੰਗਰੂਰ ਪੁਲਿਸ ਨੇ ਖ਼ੁਦਕੁਸ਼ੀ ਕਰਨ ਜਾ ਰਹੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਇੱਕ ਨੌਜਵਾਨ ਵਕੀਲ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ। ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੇ ਘਟਨਾ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇੱਕ ਨੁਮਾਇੰਦੇ ਵੱਲੋਂ ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸ: ਮਨਪ੍ਰੀਤ ਸਿੰਘ ਨੂੰ ਇਤਲਾਹ ਦਿੱਤੀ ਗਈ ਸੀ ਕਿ ਸੰਗਰੂਰ ਬਾਰ ਦਾ ਇੱਕ ਨੌਜਵਾਨ ਵਕੀਲ ਜਿਸ ਦਾ ਸੰਗਰੂਰ ਅਦਾਲਤ ਵਿੱਚ ਕਰੀਬ 7 ਸਾਲ ਦਾ ਤਜਰਬਾ ਹੈ, ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਟ ਉੱਤੇ ਇੱਕ ਵੀਡਿਓ ਅਤੇ ਖ਼ੁਦਕੁਸ਼ੀ ਨੋਟ ਸਾਂਝਾ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਜਾ ਰਿਹਾ ਹੈ। ਡੀ.ਐਸ.ਪੀ ਨੇ ਦੱਸਿਆ ਕਿ ਇੰਸ: ਮਨਪ੍ਰੀਤ ਸਿੰਘ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸੰਬੰਧਤ ਵਕੀਲ ਦਾ ਪਤਾ ਲਗਾਇਆ ਅਤੇ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਦੇ ਪਰਿਆਸ ਆਰੰਭ ਦਿੱਤੇ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵੱਲੋਂ ਉਸ ਵਕੀਲ ਦੀ ਕਾਰ ਦਾ ਪਿੱਛਾ ਕਰਦਿਆਂ ਉਸ ਨੂੰ ਸੰਗਰੂਰ ਸ਼ਹਿਰ ਤੋਂ ਕਰੀਬ 25 -30 ਕਿੱਲੋਂਮੀਟਰ ਦੂਰ ਸੂਲਰ ਘਰਾਟ ਨੇੜਿਓਂ ਕਾਬੂ ਕੀਤਾ ਗਿਆ। ਜਿਸ ਸਮੇਂ ਵਕੀਲ ਨੂੰ ਕਾਬੂ ਕੀਤਾ ਗਿਆ ਤਾਂ ਉਸ ਸਮੇਂ ਉਸ ਪਾਸੋਂ ਕਿਸੇ ਨਸ਼ੀਲੀ ਚੀਜ਼ ਦੀ ਬੋਤਲ ਬਰਾਮਦ ਹੋਈ ਹੈ ਅਤੇ ਥਾਣਾ ਮੁਖੀ ਵੱਲੋਂ ਵਕੀਲ ਦੀ ਜਾਨ ਬਚਾਉਣ ਲਈ ਉਸ ਨੂੰ ਸਥਾਨਕ ਸਿਬੀਆ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਹੈ ਅਤੇ ਜੋ ਹੁਣ ਖ਼ਤਰੇ ਤੋਂ ਬਾਹਰ ਹੈ। ਡੀ.ਐਸ.ਪੀ. ਸਿੱਧੂ ਨੇ ਸਿਟੀ ਪੁਲਿਸ ਮੁਖੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੀ ਜਾਨ ਬਚਾ ਕੇ ਪੁਲਿਸ ਨੇ ਵੱਡਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਕੀਲ ਵੱਲੋਂ ਖ਼ੁਦਕੁਸ਼ੀ ਦੀ ਕੋਸਿਸ਼ ਕਰਨ ਪਿੱਛੇ ਉਨ੍ਹਾਂ ਦੇ ਘਰੇਲੂ ਝਗੜੇ ਦੀ ਕੋਈ ਵਜ੍ਹਾ ਸਾਹਮਣੇ ਆ ਰਹੀ ਹੈ।