ਭਵਾਨੀਗੜ੍ਹ ਦੇ ਪ੍ਰੋ. ਸੰਦੀਪ ਸਿੰਘ ਨੇ 17 ਫੁੱਟ ਲੰਮੇ ਪਰਾਂਦੇ ਨਾਲ ਬਣਾਇਆ ਵਿਸ਼ਵ ਰਿਕਾਰਡ
ਭਵਾਨੀਗੜ੍ਹ 1 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਂਦਿਆਂ ਭਵਾਨੀਗੜ੍ਹ ਦੇ ਜੰਮਪਲ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਤੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਨੇ ਆਪਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ 17 ਫੁੱਟ ਲੰਮਾ ਪੰਜਾਬੀ ਪਰਾਂਦਾ ਤਿਆਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਕਰੀਬ 1100 ਰੀਲਾਂ ਧਾਗੇ ਦੀਆਂ ਵਰਤੀਆਂ ਗਈਆਂ।
ਭਵਾਨੀਗੜ੍ਹ 1 ਅਗਸਤ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਂਦਿਆਂ ਭਵਾਨੀਗੜ੍ਹ ਦੇ ਜੰਮਪਲ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਤੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਨੇ ਆਪਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ 17 ਫੁੱਟ ਲੰਮਾ ਪੰਜਾਬੀ ਪਰਾਂਦਾ ਤਿਆਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਕਰੀਬ 1100 ਰੀਲਾਂ ਧਾਗੇ ਦੀਆਂ ਵਰਤੀਆਂ ਗਈਆਂ। ਇੱਕ ਰੀਲ ਦੀ ਔਸਤ ਲੰਬਾਈ 100 ਫੁੱਟ ਦੇ ਹਿਸਾਬ ਨਾਲ ਲਗਭਗ 36,300 ਮੀਟਰ ਧਾਗੇ ਦੀ ਵਰਤੋਂ ਕਰਕੇ ਇਸ ਪਰਾਂਦੇ ਨੂੰ ਕਲਾਤਮਕ ਰੂਪ ਦਿੱਤਾ ਗਿਆ। ਇੰਨੀ ਵੱਡੀ ਮਾਤਰਾ ਵਿੱਚ ਧਾਗੇ ਨੂੰ ਸੁਚੱਜੇ ਢੰਗ ਨਾਲ ਜੋੜਨਾ ਆਪਣੇ ਆਪ ਵਿੱਚ ਇਕ ਚੁਣੌਤੀਪੂਰਨ ਰਿਹਾ। ਪ੍ਰੋ. ਸੰਦੀਪ ਸਿੰਘ ਪਿਛਲੇ 14 ਸਾਲਾਂ ਤੋਂ ਫਾਈਨ ਆਰਟਸ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਹਰਪ੍ਰੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਰਾਹੁਲ ਸਿੰਘ, ਜਗਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਰਜਤ ਸ਼ੇਖ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿਰਫ਼ ਵਿਸ਼ਵ ਰਿਕਾਰਡ ਬਣਾਉਣ ਲਈ ਨਹੀਂ, ਸਗੋਂ ਪੰਜਾਬੀ ਪਰਾਂਦੇ ਵਰਗੀ ਲੋਕ-ਵਿਰਾਸਤ ਨੂੰ ਕਲਾ ਦੇ ਮਾਧਿਅਮ ਰਾਹੀਂ ਵਿਸ਼ਵ ਮੰਚ ’ਤੇ ਪੇਸ਼ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲਾ ਰਾਹੀਂ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਪ੍ਰਾਪਤੀ ’ਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਪ੍ਰਿੰਸੀਪਲ ਸ਼ਾਮ ਸੁੰਦਰ ਅਤੇ ਸਮੂਹ ਸਟਾਫ਼ ਨੇ ਪ੍ਰੋ. ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ ਪੰਜਾਬੀ ਸੱਭਿਆਚਾਰ ਲਈ ਮਾਣ ਵਾਲੀ ਪ੍ਰਾਪਤੀ ਕਰਾਰ ਦਿੱਤਾ।