ਜੇਲ੍ਹ ’ਚੋਂ ਰਿਹਾਅ ਹੋ ਕੇ ਸਨਮਦੀਪ ਦੇ ਫੁੱਲ ਚੁਗਣ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਉੱਤੇ ਲਗਾਏ ਗੰਭੀਰ ਦੋਸ਼
ਸੰਗਰੂਰ, 2 ਅਕਤੂਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦਾ ਬੀਤੀ ਕੱਲ੍ਹ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨੂੰ ਪੀੜਤ ਪਰਿਵਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਵੀ ਜ਼ੁਲਮ ਦੀ ਇੰਤਹਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪ੍ਰਸ਼ਾਸਨ ਵੱਲੋਂ ਸੰਗਰੂਰ ਦੇ ਉਭਾਵਾਲ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਮ੍ਰਿਤਕ ਸਨਮਦੀਪ ਸਿੰਘ ਸਨੀ ਦਾ ਅੰਤਿਮ ਸਸਕਾਰ ਕਰਵਾਇਆ ਗਿਆ ਸੀ ਅਤੇ ਇਸ ਸਸਕਾਰ ਮੌਕੇ ਪੀੜਤ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵੀ ਸ਼ਾਮਲ ਹੋਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਅੱਜ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਸਨਮਦੀਪ ਦੇ ਫੁੱਲ ਚੁਗਨ ਪਹੁੰਚੇ ਉਸ ਦੇ ਦਾਦਾ ਹਰਬੰਸ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਪਹਿਲਾਂ ਥਾਣੇ ਵਿੱਚ ਅਤੇ ਫਿਰ ਜੇਲ੍ਹ ਵਿੱਚ ਡੱਕੀ ਰੱਖਿਆ ਅਤੇ ਪਿੱਛੋਂ ਆਪਣੇ ਕੁਝ ਕਿਰਾਏ ਉੱਤੇ ਲਿਆਂਦੇ ਲੋਕਾਂ ਨੂੰ ਸਾਡਾ ਪਰਿਵਾਰ ਬਣਾ ਕੇ ਸਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਸੰਗਰੂਰ, 2 ਅਕਤੂਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦਾ ਬੀਤੀ ਕੱਲ੍ਹ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨੂੰ ਪੀੜਤ ਪਰਿਵਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਵੀ ਜ਼ੁਲਮ ਦੀ ਇੰਤਹਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪ੍ਰਸ਼ਾਸਨ ਵੱਲੋਂ ਸੰਗਰੂਰ ਦੇ ਉਭਾਵਾਲ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਮ੍ਰਿਤਕ ਸਨਮਦੀਪ ਸਿੰਘ ਸਨੀ ਦਾ ਅੰਤਿਮ ਸਸਕਾਰ ਕਰਵਾਇਆ ਗਿਆ ਸੀ ਅਤੇ ਇਸ ਸਸਕਾਰ ਮੌਕੇ ਪੀੜਤ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵੀ ਸ਼ਾਮਲ ਹੋਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਅੱਜ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਸਨਮਦੀਪ ਦੇ ਫੁੱਲ ਚੁਗਨ ਪਹੁੰਚੇ ਉਸ ਦੇ ਦਾਦਾ ਹਰਬੰਸ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਪਹਿਲਾਂ ਥਾਣੇ ਵਿੱਚ ਅਤੇ ਫਿਰ ਜੇਲ੍ਹ ਵਿੱਚ ਡੱਕੀ ਰੱਖਿਆ ਅਤੇ ਪਿੱਛੋਂ ਆਪਣੇ ਕੁਝ ਕਿਰਾਏ ਉੱਤੇ ਲਿਆਂਦੇ ਲੋਕਾਂ ਨੂੰ ਸਾਡਾ ਪਰਿਵਾਰ ਬਣਾ ਕੇ ਸਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਤਾਂ ਸਸਕਾਰ ਬਾਰੇ ਪੁੱਛਿਆ ਜਾਂ ਦੱਸਿਆ ਵੀ ਨਹੀਂ ਗਿਆ। ਹਰਬੰਸ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਧੱਕੇ ਨਾਲ ਸੰਗਰੂਰ ਵਿਚ ਹੀ ਸਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਪਰਿਵਾਰ ਨੂੰ ਅੰਤਿਮ ਸਮੇਂ ਉਸ ਦਾ ਮੂੰਹ ਵੀ ਦੇਖਣ ਤੱਕ ਨਹੀਂ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰ ਅਜੇ ਸਿੰਘ ਨਾਂਅ ਦੇ ਨੌਜਵਾਨ ਨੇ ਤਾਂ ਇੱਥੋਂ ਤੱਕ ਦੋਸ਼ ਲਗਾਏ ਕਿ ਪ੍ਰਸ਼ਾਸਨ ਨੇ ਸਨੀ ਦੀ ਦੇਹ ਨੂੰ ਲਾਵਾਰਸ ਦਾ ਦਰਜਾ ਦੇ ਕੇ ਹੀ ਅੰਤਿਮ ਸਸਕਾਰ ਕਰ ਦਿੱਤਾ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਗਾਗਾ ਅਤੇ ਰਾਜਿੰਦਰ ਦੀਪਾ ਦੀ ਪਤਨੀ ਸੋਨੀਆ ਅਰੋੜਾ ਨਾਲ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਨਮਦੀਪ ਦੇ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਿਭਾਈ ਗਈ ਭੂਮਿਕਾ ਨੇ ਦੇਸ਼ ਭਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਦ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਵਿੱਚ ਦਲਿਤਾਂ ਉੱਤੇ ਜ਼ੁਲਮ ਹੋਇਆ ਹੋਵੇ। ਵੇਰਕਾ ਨੇ ਕਿਹਾ ਕਿ ਮਾਨ ਸਰਕਾਰ ਪਹਿਲਾਂ ਤਾਂ ਦਲਿਤਾਂ ਉੱਤੇ ਜ਼ੁਲਮ ਕਰਦੀ ਹੈ ਫਿਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸਸਕਾਰ ਤੱਕ ਨਹੀਂ ਕਰਨ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਕਾਂਗਰਸ ਹਰ ਹੱਦ ਤੱਕ ਜਾਵੇਗੀ । ਰਜਿੰਦਰ ਦੀਪਾ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਗ਼ਰੀਬਾਂ ਅਤੇ ਮਜਲੂਮਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਇਸ ਗੱਲ ਨੂੰ ਯਾਦ ਰੱਖੇ ਕਿ ਕਾਂਗਰਸ ਸਰਕਾਰ ਆਉਣ ਉੱਤੇ ਇਨ੍ਹਾਂ ਸਾਰੇ ਜ਼ੁਲਮਾਂ ਦਾ ਬਦਲਾ ਲਿਆ ਜਾਵੇਗਾ। ਕੱਲ੍ਹ ਚੁੱਕੇ ਗਏ 8 ਵਿਅਕਤੀਆਂ ਨੂੰ ਅੱਜ ਰਿਹਾਅ ਕਰ ਦਿੱਤਾ ਹੈ- ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ - ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੂੰ ਕੱਲ੍ਹ ਸਿਵਲ ਹਸਪਤਾਲ ਦੀ ਮੋਰਚਰੀ ਅੱਗੋਂ ਚੁੱਕੇ ਗਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਰਿਹਾਈ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 8 ਵਿਅਕਤੀਆਂ ਨੂੰ 107/151 ਅਧੀਨ ਜੇਲ੍ਹ ਵਿੱਚ ਭੇਜਿਆ ਗਿਆ ਸੀ ਪਰ ਅੱਜ ਉਨ੍ਹਾਂ ਸਾਰਿਆਂ ਨੂੰ ਹੀ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਮੁਕੱਦਮੇ ਵਿਚ ਨਾਮਜ਼ਦ ਚਾਰੇ ਵਿਅਕਤੀ ਹਾਲੇ ਜੇਲ੍ਹ ਵਿਚ ਹੀ ਬੰਦ ਹਨ। ਪਰਿਵਾਰ ਨੂੰ ਜੇਲ੍ਹ ‘ਚੋਂ ਰਿਹਾਅ ਕਰਵਾਉਣ ਪਹੁੰਚੇ ਰਾਜਾ ਬੀਰਕਲਾਂ - ਸਨਮਦੀਪ ਦੇ ਪਰਿਵਾਰਕ ਮੈਂਬਰਾਂ ਦੀ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚੋਂ ਰਿਹਾਈ ਹੋਣ ਮੌਕੇ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਇਸ ਘਟਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਦਲਿਤਾਂ ਅਤੇ ਗ਼ਰੀਬਾਂ ਪ੍ਰਤੀ ਮਾੜੀ ਸੋਚ ਦਾ ਨਤੀਜਾ ਦੱਸਿਆ। ਰਾਜਾ ਨੇ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਹੀ ਰਹਾਂਗੇ।