ਝੋਨੇ ਦਾ ਝਾੜ ਵਧਿਆ ਪਰ ਖ਼ਰੀਦ ਟੀਚੇ ਪੂਰੇ ਹੋਣ ਕਾਰਨ ਕਿਸਾਨ ਮੰਡੀਆਂ ’ਚ ਹੋ ਰਹੇ ਖੱਜਲ-ਖ਼ੁਆਰ
ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਖ਼ਰੀਦ ਕੀਤੀ ਬੰਦ
ਮੂਨਕ, 7 ਨਵੰਬਰ (ਕੇਵਲ ਸਿੰਗਲਾ)-ਇਸ ਵਾਰ ਪਰਮਲ ਝੋਨੇ ਦਾ ਝਾੜ ਵਧਣ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਦੀ ਉਮੀਦ ਸੀ ਪਰ ਝੋਨੇ ਦੀ ਖ਼ਰੀਦ ’ਚ ਆ ਰਹੀਆਂ ਮੁਸ਼ਕਲਾਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਈ ਖ਼ਰੀਦ ਕੇਂਦਰਾਂ ਵਿਚ ਨਿਰਧਾਰਿਤ ਖ਼ਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਕਾਰਨ ਕਿਸਾਨ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਖੱਜਲ-ਖ਼ੁਆਰ ਹੋ ਰਹੇ ਹਨ।
ਮੂਨਕ, 7 ਨਵੰਬਰ (ਕੇਵਲ ਸਿੰਗਲਾ)-ਇਸ ਵਾਰ ਪਰਮਲ ਝੋਨੇ ਦਾ ਝਾੜ ਵਧਣ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਦੀ ਉਮੀਦ ਸੀ ਪਰ ਝੋਨੇ ਦੀ ਖ਼ਰੀਦ ’ਚ ਆ ਰਹੀਆਂ ਮੁਸ਼ਕਲਾਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਈ ਖ਼ਰੀਦ ਕੇਂਦਰਾਂ ਵਿਚ ਨਿਰਧਾਰਿਤ ਖ਼ਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਕਾਰਨ ਕਿਸਾਨ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਖੱਜਲ-ਖ਼ੁਆਰ ਹੋ ਰਹੇ ਹਨ। ਇਸ ਸਥਿਤੀ ਨੇ ਕਿਸਾਨਾਂ ਦੀ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਵੀ ਫਿੱਕਾ ਕਰ ਦਿੱਤਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਪਰਸ਼ੋਤਮ ਲਾਲ ਸਿੰਗਲਾ ਨੇ ਦੱਸਿਆ ਕਿ ਇਸ ਵਾਰ ਸੂਬੇ ਵਿਚ ਪਹਿਲੀ ਵਾਰ ਝੋਨੇ ਦੀ ਸਰਕਾਰੀ ਖ਼ਰੀਦ ਲਈ ਟੀਚੇ ਨਿਰਧਾਰਿਤ ਕੀਤੇ ਗਏ ਹਨ। ਜਿਨ੍ਹਾਂ ਖ਼ਰੀਦ ਕੇਂਦਰਾਂ ਵਿਚ ਇਹ ਟੀਚੇ ਪੂਰੇ ਹੋ ਚੁੱਕੇ ਹਨ, ਉੱਥੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਹੋਰ ਵੀ ਗੰਭੀਰ ਇਸ ਕਰਕੇ ਬਣੀ ਹੋਈ ਹੈ ਕਿ ਅਜੇ ਤੱਕ ਖੇਤਾਂ ਵਿਚ ਲਗਭਗ 20 ਫ਼ੀਸਦੀ ਝੋਨੇ ਦੀ ਫ਼ਸਲ ਖੜ੍ਹੀ ਹੈ। ਮੰਡੀਆਂ ਵਿਚ ਖ਼ਰੀਦ ਪ੍ਰਭਾਵਿਤ ਹੋਣ ਕਾਰਨ ਝੋਨੇ ਦੀ ਵਾਢੀ ਅਤੇ ਲਿਫ਼ਟਿੰਗ ਵਿਚ ਦੇਰੀ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਕਣਕ ਦੀ ਅਗਲੀ ਫ਼ਸਲ ਦੀ ਬਿਜਾਈ ‘ਤੇ ਪੈਣ ਦਾ ਖਦਸ਼ਾ ਹੈ। ਪੇਂਡੂ ਖ਼ਰੀਦ ਕੇਂਦਰਾਂ ਵਿਚ ਵੀ ਹਾਲਾਤ ਚਿੰਤਾਜਨਕ ਹਨ ਅਤੇ ਕਈ ਥਾਵਾਂ ‘ਤੇ 50 ਹਜ਼ਾਰ ਤੋਂ ਵੱਧ ਗੱਟੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਪਏ ਹਨ। ਦੂਜੇ ਪਾਸੇ, ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦਾ ਕਹਿਣਾ ਹੈ ਕਿ ਜਿੰਨੀ ਮਾਤਰਾ ਵਿਚ ਝੋਨੇ ਦੀ ਖ਼ਰੀਦ ਲਈ ਸ਼ੈਲਰਾਂ ਨਾਲ ਲਿੰਕ ਨਿਰਧਾਰਿਤ ਕੀਤਾ ਗਿਆ ਸੀ, ਉਹ ਪੂਰਾ ਹੋ ਚੁੱਕਾ ਹੈ। ਉਨ੍ਹਾਂ ਅਨੁਸਾਰ ਵਾਧੂ ਲਿੰਕ ਮਿਲਣ ਤੋਂ ਬਾਅਦ ਹੀ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕੀਤੀ ਜਾ ਸਕੇਗੀ। ਇਸ ਸਥਿਤੀ ਨੇ ਕਿਸਾਨਾਂ ਸਾਹਮਣੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੇ ਮਿਹਨਤ ਕਰਕੇ ਫ਼ਸਲ ਦਾ ਉਤਪਾਦਨ ਵਧਾਇਆ ਹੈ ਤਾਂ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੁਸ਼ਕਲਾਂ ਕਿਉਂ ਝੱਲਣੀਆਂ ਪੈ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਖ਼ਰੀਦ ਏਜੰਸੀਆਂ ਨੂੰ ਫ਼ਸਲ ਦੀ ਖ਼ਰੀਦ ਲਈ ਪਹਿਲਾਂ ਤੋਂ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਸਨ। ਕਿਸਾਨ ਆਗੂ ਰਿੰਕੂ ਮੂਨਕ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਤੁਰੰਤ ਲੋੜੀਂਦੇ ਪ੍ਰਬੰਧ ਕੀਤੇ ਜਾਣ।