ਫ਼ਿਰੋਜ਼ਪੁਰ, 24 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜਪੁਰ ਅੰਦਰ ਆਏ ਦਿਨ ਲੁੱਟਾਂ ਖੋਹਾਂ ਤੋਂ ਇਲਾਵਾ ਦੁਕਾਨਾਂ ਦੇ ਸ਼ਟਰ ਤੋੜ ਕੇ ਹੋ ਰਹੀਆਂ ਚੋਰੀਆਂ ਤੋਂ ਸਹਿਮੇ ਇਲਾਕੇ ਵਾਸੀਆਂ ਨੂੰ ਟ੍ਰੈਫ਼ਿਕ ਪੁਲਿਸ ਦੀ ਈ ਚਲਾਨ ਪ੍ਰਣਾਲੀ ਨੇ ਪ੍ਰੇਸ਼ਾਨੀ ਪੈਦਾ ਕੀਤੀ ਹੋਈ ਹੈ | ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨਾਂ ਅੰਦਰ ਸਥਾਨਕ ਲੋਕਾਂ ਨੂੰ ਮੋਬਾਈਲ ਮੈਸੇਜ ਰਾਹੀਂ ਉਨ੍ਹਾਂ ਦੇ ਵਹੀਕਲ ਨੰਬਰ ਸਮੇਤ ਈ ਚਲਾਨ ਦੇ ਨੋਟਿਸ ਆ ਰਹੇ ਹਨ | ਜਿਸ ਦੇ ਚੱਲਦੇ ਕਈ ਸ਼ਹਿਰਵਾਸੀ ਤਾਂ ਪਹਿਲਾਂ ਇਸ ਨੂੰ ਸਪੈਮ (ਧੋਖਾਧੜੀ) ਸਮਝ ਕੇ ਦਰਕਿਨਾਰ ਕਰਦੇ ਰਹੇ ਪਰ ਹੁਣ ਪਤਾ ਲਗਾ ਹੈ ਕਿ ਇਹ ਈ ਚਲਾਨ ਟ੍ਰੈਫ਼ਿਕ ਪੁਲਿਸ ਵਲੋਂ ਕੱਟੇ ਜਾ ਰਹੇ ਹਨ | ਇਸ ਸੰਬੰਧੀ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉਸ ਦੇ ਮੋਬਾਈਲ 'ਤੇ ਇਕ ਮੈਸੇਜ ਆਇਆ, ਜਿਸ ਵਿਚ ਉਸ ਦੇ ਬੁਲਟ ਮੋਟਰਸਾਈਕਲ ਦਾ ਨੰਬਰ ਦਰਜ ਸੀ ਤੇ ਈ ਚਲਾਨ ਦਾ ਵੇਰਵਾ ਦਿੰਦੇ ਹੋਏ ਆਰ. ਟੀ. ਓ. ਫ਼ਿਰੋਜ਼ਪੁਰ ਜਾਂ ਆਨਲਾਈਨ ਭੁਗਤਾਨ ਕਰਨ ਲਈ ਨਿਰਦੇਸ਼ ਸਨ | ਉਕਤ ਵਿਅਕਤੀ ਪਹਿਲਾਂ ਤਾਂ ਇਸ ਮੈਸੇਜ ਨੂੰ ਆਨਲਾਈਨ ਫਰਾਡ ਸਮਝ ਰਿਹਾ ਸੀ ਕਿ ਬਾਅਦ 'ਚ ਜਦੋਂ ਪਰਿਵਾਹਨ ਵਿਭਾਗ ਪੰਜਾਬ ਦੀ ਵੈੱਬ ਸਾਈਟ 'ਤੇ ਜਾ ਕੇ ਚੈੱਕ ਕਰਵਾਇਆ ਤਾਂ ਉਸ ਦੇ ਵਹੀਕਲ ਦੀ ਫ਼ੋਟੋ ਅੱਪਲੋਡ ਕਰ ਕੇ ਲਿਖਿਆ ਸੀ ਕਿ ਵਹੀਕਲ ਗ਼ਲਤ ਪਾਰਕਿੰਗ ਜਾਂ ਖ਼ਤਰਨਾਕ ਪਾਰਕਿੰਗ ਅਧੀਨ ਖੜ੍ਹਾ ਹੋਣ ਦੇ ਉਲੰਘਣਾ 'ਚ ਚਲਾਨ ਕੱਟਿਆ ਗਿਆ ਹੈ | ਇਸ ਵਿਅਕਤੀ ਨੇ ਆਨ ਲਾਈਨ ਆਪਣਾ 500 ਰੁਪਏ ਦਾ ਜੁਰਮਾਨਾ ਅਦਾ ਕਰਨ ਉਪਰੰਤ ਭਾਰੀ ਮਨ ਨਾਲ ਕਿਹਾ ਕਿ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦੀ ਬਜਾਏ ਪੁਲਿਸ ਹੁਣ ਇਹ ਕੰਮ ਕਰ ਰਹੀ ਹੈ, ਜਿਸ ਨਾਲ ਸਥਾਨਕ ਨਿਵਾਸੀ ਸਕਤੇ ਵਿਚ ਹਨ | ਇਸ ਸੰਬੰਧੀ ਲੋਕਾਂ ਨੇ ਐੱਸ. ਐੱਸ. ਪੀ ਭੁਪਿੰਦਰ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਨਾ ਨਾ ਕਰਨ ਵਾਲਿਆਂ ਦੇ ਚਲਾਨ ਜ਼ਰੂਰ ਕੱਟੇ ਜਾਣ ਪਰ ਨੋ ਪਾਰਕਿੰਗ ਆਦਿ ਦੇ ਈ ਚਲਾਨ ਕੱਟਣ ਤੋਂ ਪਹਿਲਾਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਨੋ ਪਾਰਕਿੰਗ ਏਰੀਏ ਦੱਸੇ ਜਾਣ |