ਅਬੋਹਰ, 24 ਜਨਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਹਨੂੰਮਾਨਗੜ੍ਹ ਰੋਡ ਸਥਿਤ ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਵਿਖੇ 'ਕੌਮੀ ਬਾਲਿਕਾ ਦਿਵਸ' ਉਤਸ਼ਾਹ ਤੇ ਗ਼ਰਿਮਾ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਆਰ. ਪੀ. ਆਸੀਜਾ ਨੇ ਇਸ ਦਿਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਸਾਲ 2008 ਵਿਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ | ਡਾ. ਆਸੀਜਾ ਨੇ ਇਤਿਹਾਸਕ ਪੱਖ ਸਾਂਝਾ ਕਰਦਿਆਂ ਦੱਸਿਆ ਕਿ 24 ਜਨਵਰੀ ਦਾ ਦਿਨ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਸੇ ਦਿਨ ਸਾਲ 1966 'ਚ ਸ੍ਰੀਮਤੀ ਇੰਦਰਾ ਗਾਂਧੀ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ | ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਮੁੱਖ ਉਦੇਸ਼ ਸਮਾਜ ਵਿਚ ਕੁੜੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ, ਕੰਨਿਆ ਭਰੂਣ ਹੱਤਿਆ ਅਤੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਦੀ ਸਿੱਖਿਆ ਤੇ ਸਿਹਤ ਵਿਚ ਸੁਧਾਰ ਲਿਆਉਣਾ ਹੈ | ਕਾਲਜ ਦੀ ਪਿ੍ੰਸੀਪਲ ਡਾ. ਸੁਨੀਤਾ ਆਰੀਆ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕਾਲਜ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਕਾਲਜ ਦੀ ਐੱਚ. ਓ. ਡੀ. ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਦੀਆਂ ਬੇਟੀਆਂ ਹਰ ਖੇਤਰ ਵਿਚ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਉਨ੍ਹਾਂ 'ਤੇ ਜ਼ੋਰ ਦਿੱਤਾ ਕਿ ਧੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ | ਅੰਤ 'ਚ ਬੁਲਾਰਿਆਂ ਨੇ ਸਾਂਝੇ ਰੂਪ ਵਿਚ ਸੁਨੇਹਾ ਦਿੱਤਾ ਕਿ ਸਸ਼ਕਤ ਬਾਲਿਕਾ ਹੀ ਸਸ਼ਕਤ ਰਾਸ਼ਟਰ ਦੀ ਨੀਂਹ ਹੈ | ਪ੍ਰੋਗਰਾਮ ਨੇ ਕਾਲਜ ਕੈਂਪਸ 'ਚ ਨਾਰੀ ਸ਼ਕਤੀ ਦੇ ਸਤਿਕਾਰ ਦਾ ਇਕ ਨਵਾਂ ਜਜ਼ਬਾ ਪੈਦਾ ਕੀਤਾ |