ਗੁਰੂਹਰਸਹਾਏ, 27 ਜਨਵਰੀ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਦੇਸ਼ ਭਰ ਵਿਚ ਜਿੱਥੇ ਗਣਤੰਤਰ ਦਿਵਸ ਹਰ ਜ਼ਿਲ੍ਹੇ, ਸਬ ਡਿਵੀਜ਼ਨ ਅਤੇ ਤਹਿਸੀਲ ਪੱਧਰ ਤੇ ਪ੍ਰਸ਼ਾਸਨ ਵਲੋਂ ਮਨਾਇਆ ਜਾ ਰਿਹਾ ਸੀ | ਉੱਥੇ ਹੀ ਇਸੇ ਹੀ ਦਿਨ ਗੁਰੂਹਰਸਹਾਏ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਯੂਨੀਅਨ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਗਿਆ | ਟਰੈਕਟਰ ਮਾਰਚ ਗੁਰੂਹਰਸਹਾਏ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸ਼ਾਂਤਮਈ ਢੰਗ ਨਾਲ ਪੂਰੇ ਬਾਜ਼ਾਰ ਸਮੇਤ ਮੁਕਤਸਰ ਰੋਡ, ਫ਼ਰੀਦਕੋਟ ਰੋਡ ਰਾਹੀਂ ਹੁੰਦਾ ਹੈ ਹੋਇਆ ਉਪ ਮੰਡਲ ਮੈਜਿਸਟਰੇਟ ਦੇ ਦਫਤਰ ਸਾਹਮਣੇ ਸਮਾਪਤ ਕੀਤਾ ਗਿਆ | ਜਿੱਥੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਬੂਟਾ ਸਿੰਘ ਹਾਮਿਦ, ਗੁਰਮੀਤ ਸਿੰਘ ਮੋਠਾਂ ਵਾਲਾ, ਜਸਵਿੰਦਰ ਸਿੰਘ ਸਰੀਹਵਾਲਾ, ਗੁਰਮੀਤ ਸਿੰਘ ਮਹਿਮਾ, ਸੁਖਦੇਵ ਸਿੰਘ ਢੋਟ, ਗੁਰਬਚਨ ਸਿੰਘ, ਪ੍ਰਤਾਪ ਸਿੰਘ, ਦਿਸ਼ਾ ਸਿੰਘ, ਸਤਪਾਲ ਸਿੰਘ, ਬਚਿੱਤਰ ਸਿੰਘ, ਲਾਭ ਸਿੰਘ, ਪ੍ਰਤਾਪ ਸਿੰਘ ਮੋਠਾਂ ਵਾਲਾ ਆਦਿ ਸਮੇਤ ਹੋਰ ਵੱਖ-ਵੱਖ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਲਟਕਦੀਆਂ ਤੇ ਜ਼ਰੂਰੀ ਮੰਗਾਂ ਸਰਕਾਰ ਨੇ ਕੀ ਮੰਨਣੀਆਂ ਸਨ ਉੱਪਰੋਂ ਕਿਸਾਨਾਂ 'ਤੇ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਮੰਨ ਕੇ ਤੁਰੰਤ ਲਾਗੂ ਕਰਨਾ ਚਾਹੀਦਾ ਹੈ, ਕਿਉਂਕਿ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ | ਟਰੈਕਟਰ ਮਾਰਚ ਦੌਰਾਨ ਅਨੌਖ ਸਿੰਘ, ਪੂਰਨ ਸਿੰਘ ,ਲਾਭ ਸਿੰਘ, ਬਚਿੱਤਰ ਸਿੰਘ ਰਣਜੀਤ ਸਿੰਘ ਕਾਹਨ ਸਿੰਘ ਵਾਲਾ, ਸ਼ਮਸ਼ੇਰ ਸਿੰਘ ਸੋਢੀ , ਕੁਲਬੀਰ ਸਿੰਘ ,ਰਜਿੰਦਰ ਸਿੰਘ ਸਮੇਤ ਬਹੁਤ ਸਾਰੇ ਕਿਸਾਨ ਅਤੇ ਵੱਖ-ਵੱਖ ਯੂਨੀਅਨ ਦੇ ਆਗੂ ਤੇ ਪਿੰਡਾਂ ਤੋਂ ਕਿਸਾਨ ਤੇ ਅਹੁਦੇਦਾਰ ਸ਼ਾਮਿਲ ਹੋਏ | ਜਿਨ੍ਹਾਂ ਟਰੈਕਟਰ ਮਾਰਚ ਰਾਹੀਂ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰਦਿਆਂ ਆਪਣੀ ਆਵਾਜ਼ ਨੂੰ ਉਠਾਇਆ |