ਮੱਖੂ, 27 ਜਨਵਰੀ (ਵਰਿੰਦਰ ਮਨਚੰਦਾ)-ਸੰਵਿਧਾਨ ਅਤੇ ਲੋਕਤੰਤਰ ਦਾ 26 ਜਨਵਰੀ ਨੂੰ ਜਸ਼ਨ ਮਨਾਇਆ ਜਾ ਰਿਹਾ ਹੈ, ਉਸ ਦੀ ਨੀਂਹ ਵਿਚ ਸਿੱਖਾਂ ਦਾ ਸਭ ਤੋਂ ਵੱਧ ਖ਼ੂਨ ਡੁੱਲਿ੍ਹਆ ਹੈ, ਪਰ ਆਜ਼ਾਦੀ ਦੇ ਸੰਘਰਸ਼ ਵਿਚ 80 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਇਨਸਾਫ਼ ਲਈ ਅੱਜ ਵੀ ਉਡੀਕਵਾਨ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਦਿਆਂ ਕਿਹਾ ਕਿ ਦੇਸ਼ ਲਈ ਹੱਸ-ਹੱਸ ਜਾਨਾਂ ਵਾਰਨ ਵਾਲੀ ਸਿੱਖ ਕੌਮ ਨੂੰ ਦੇਸ਼ 'ਚ ਆਪਣੇ ਬੁਨਿਆਦੀ ਹੱਕਾਂ ਅਤੇ ਇਨਸਾਫ਼ ਲਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪੈ ਰਿਹਾ ਹੈ | ਗਣਤੰਤਰ ਦਿਵਸ 'ਤੇ ਪ੍ਰਮੁੱਖ ਮੰਗਾਂ ਉਠਾਉਂਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸੰਵਿਧਾਨ ਦੀ ਮਰਿਆਦਾ 'ਤੇ ਵੱਡਾ ਸਵਾਲ ਹੈ | ਸਰਕਾਰਾਂ ਨੂੰ ਇਸ ਸ਼ੁੱਭ ਦਿਹਾੜੇ 'ਤੇ ਉਨ੍ਹਾਂ ਦੀ ਰਿਹਾਈ ਦਾ ਤੋਹਫ਼ਾ ਦੇਣਾ ਚਾਹੀਦਾ ਸੀ, 2015 ਤੋਂ ਲੈ ਕੇ ਹੁਣ ਤੱਕ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣਾ ਅਤੇ ਕੇਸਾਂ ਨੂੰ ਪੰਜਾਬ ਤੋਂ ਬਾਹਰ ਟਰਾਂਸਫ਼ਰ ਕਰਨ ਵਿਰੁੱਧ ਸਰਕਾਰ ਦੀ ਚੁੱਪੀ, ਸਿੱਖ ਹਿਰਦਿਆਂ 'ਤੇ ਲੂਣ ਛਿੜਕਣ ਵਾਂਗ ਹੈ | ਪੰਜਾਬ ਸਰਕਾਰ ਪੋਲੀਓ ਮੁਹਿੰਮ ਦੀ ਤਰਜ਼ 'ਤੇ 'ਚਾਈਨਾ ਡੋਰ ਮੁਕਤ ਪੰਜਾਬ' ਮੁਹਿੰਮ ਚਲਾਵੇ | ਇਸ ਕਾਤਲ ਡੋਰ ਨੂੰ ਵੇਚਣ ਅਤੇ ਵਰਤਣ ਵਾਲਿਆਂ ਲਈ ਤੁਰੰਤ 3 ਸਾਲ ਦੀ ਸਜ਼ਾ ਦਾ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਮਾਸੂਮਾਂ ਦੇ ਗਲੇ ਕੱਟਣੇ ਬੰਦ ਹੋ ਸਕਣ | ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰਾਂ ਸਿੱਖ ਕੌਮ ਦੀਆਂ ਇਨ੍ਹਾਂ ਵਾਜਬ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਵਿਚ ਪੰਥਕ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਵੱਡਾ ਜਨ-ਅੰਦੋਲਨ ਉਲੀਕਿਆ ਜਾਵੇਗਾ |