ਜ਼ੀਰਾ, 28 ਜਨਵਰੀ (ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਦੇ ਆਦੇਸ਼ ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਪੜਾਅ-2 ਦੇ ਤਹਿਤ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ 2 ਦੋਸ਼ੀਆਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜ਼ੀਰਾ ਦੇ ਮੁੱਖ ਅਫ਼ਸਰ ਜਗਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਸਬ ਇੰਸਪੈਕਟਰ ਭੁਪਿੰਦਰ ਸਮੇਤ ਪੁਲਿਸ ਪਾਰਟੀ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਅਤੇ ਜਸਪਾਲ ਸਿੰਘ ਥਾਣਾ ਸਿਟੀ ਜ਼ੀਰਾ ਦੀ ਹਦੂਦ ਅੰਦਰ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਤੇ ਸਨ, ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁਰਾਣੇ ਤਲਵੰਡੀ ਭਾਈ ਵਾਲਾ ਰੋਡ 'ਤੇ ਨਹਿਰ ਵਾਲਾ ਰੋਡ ਅਤੇ ਨਵਾਂ ਨੈਸ਼ਨਲ ਹਾਈਵੇ ਬਠਿੰਡਾ-ਅਮਿ੍ਤਸਰ ਰੋਡ ਨੂੰ ਜਾ ਰਹੇ ਸਨ, ਕਿ ਜਦੋਂ ਪੁਲਿਸ ਪਾਰਟੀ ਨਮਨ ਇਨਕਲੇਵ ਕਾਲੋਨੀ ਤੇ ਥੋੜ੍ਹਾ ਅੱਗੇ ਨਹਿਰ ਵਾਲਾ ਰੋਡ ਪਰ ਪੁੱਜੀ ਤਾਂ ਸਾਹਮਣੇ ਰੋਡ ਦੇ ਸੱਜੇ ਹੱਥ 2 ਮੋਨੇ ਨੌਜਵਾਨ ਵਿਅਕਤੀ ਸ਼ੱਕੀ ਹਾਲਤ ਵਿਚ ਖੜੇ੍ਹ ਇਕ ਦੂਜੇ ਨੂੰ ਮੋਮੀ ਲਿਫ਼ਾਫ਼ਾ ਵਿਚ ਕੋਈ ਵਸਤੂ ਫੜਾ ਰਹੇ ਸਨ, ਜੋ ਕਿ ਪੁਲਿਸ ਨੂੰ ਵੇਖ ਕੇ ਆਪਣੇ ਹੱਥਾਂ ਵਿਚ ਫੜਿਆਂ ਮੋਮੀ ਪਾਰਦਰਸ਼ੀ ਲਿਫ਼ਾਫ਼ਾ ਹੇਠਾਂ ਸੁੱਟ ਕੇ ਮੌਕੇ ਤੋਂ ਖਿਸਕਣ ਲੱਗੇ, ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ | ਜਿਸ ਤੇ ਪਹਿਲੇ ਨੌਜਵਾਨ ਨੇ ਆਪਣਾ ਨਾਮ ਰਾਹੁਲ ਪੁੱਤਰ ਪ੍ਰੇਮ ਸਿੰਘ ਵਾਸੀ ਨਹਿਰ ਵਾਲੀ ਬਸਤੀ ਨਹਿਰ ਤੋਂ ਪਾਰ ਵਾਲੀ ਸਾਈਡ ਜ਼ੀਰਾ ਦੱਸਿਆ ਜਦੋਂ ਕਿ ਦੂਸਰੇ ਨੌਜਵਾਨ ਜੋ ਕਿ ਮੋਮੀ ਲਿਫ਼ਾਫ਼ੇ ਦੀ ਡਲਿਵਰੀ ਹਾਸਲ ਕਰ ਰਿਹਾ ਸੀ ਨੇ ਆਪਣਾ ਨਾਮ ਬੌਬੀ ਪੁੱਤਰ ਪਰਮਜੀਤ ਸਿੰਘ ਵਾਸੀ ਨਹਿਰ ਵਾਲੀ ਬਸਤੀ ਜ਼ੀਰਾ ਦੱਸਿਆ | ਫਿਰ ਹੇਠਾਂ ਸੁੱਟੇ ਹੋਏ ਮੋਮੀ ਲਿਫ਼ਾਫ਼ਾ ਪਾਰਦਰਸ਼ੀ ਨੂੰ ਬੌਬੀ ਪੁੱਤਰ ਪਰਮਜੀਤ ਸਿੰਘ ਉਕਤ ਪਾਸੋਂ ਚੁਕਵਾ ਕੇ ਪੇਸ਼ ਕਰਨ ਤੇ ਚੈੱਕ ਕਰਨ ਪਰ ਲਿਫ਼ਾਫ਼ੇ ਵਿਚੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ 'ਤੇ ਦੋਵਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਸਿਟੀ ਜ਼ੀਰਾ ਵਿਖੇ ਐਨ. ਡੀ.ਪੀ.ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ |