ਫ਼ਿਰੋਜ਼ਪੁਰ, 28 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੀ ਸਬਜ਼ੀ ਮੰਡੀ ਵਿਚ ਟਰਾਂਸਪੋਰਟ ਦੇ ਕੰਮ ਨੂੰ ਲੈ ਕੇ ਗੰਭੀਰ ਮਾਹੌਲ ਬਣਿਆ ਹੋਇਆ ਹੈ | ਮੰਡੀ ਦੇ ਵਿਚ ਪਿਛਲੇ ਕਈ ਸਮੇਂ ਤੋਂ ਟਰਾਂਸਪੋਰਟਰਾਂ ਤੋਂ ਪਰਚੀ ਦੇ ਨਾਂ 'ਤੇ ਪੈਸੇ ਵਸੂਲਣ ਦੇ ਦੋਸ਼ ਲੱਗ ਰਹੇ ਹਨ | ਇਸ ਸਬੰਧੀ ਜਦੋਂ ਟਰਾਂਸਪੋਰਟ ਦੀਪ ਸੋਡੀ ਅਤੇ ਸ਼ਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਮੰਡੀ ਵਿਚ ਟਰਾਂਸਪੋਰਟ ਦਾ ਕੰਮ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਤਰ੍ਹਾਂ ਦੇ ਲੋਕ ਆਉਂਦੇ ਰਹੇ | ਹੁਣ ਕੁੱਝ ਲੋਕ ਆਪਣੇ ਆਪ ਨੂੰ ਐਮ.ਐਲ.ਏ ਦੇ ਬੰਦੇ ਦੱਸ ਕੇ ਜ਼ਬਰਦਸਤੀ ਪਰਚੀ ਕੱਟ ਰਹੇ ਹਨ | ਸ਼ਾਮ ਸਿੰਘ ਨੇ ਦੋਸ਼ ਲਗਾਇਆ ਕਿ ਟਰਾਂਸਪੋਰਟਰਾਂ ਤੋਂ ਦਿਨ ਦੇ ਅਖੀਰ 'ਚ 2000 ਰੁਪਏ ਬਣਦੇ ਹਨ ਅਤੇ ਉਹ ਪਰਚੀ ਦੇ ਨਾਂ 'ਤੇ 1200 ਰੁਪਏ ਲੈ ਜਾਂਦੇ ਹਨ ਬਾਕੀ 800 ਰੁਪਏ ਸਾਡੇ ਹੱਥ ਫੜਾ ਦਿੰਦੇ ਹਨ | ਜਿਸ ਚੋਂ ਵੱਡਾ ਹਿੱਸਾ ਸਾਡੇ ਕੋਲੋਂ ਲੈ ਲਿਆ ਜਾਂਦਾ ਹੈ ਅਤੇ ਮਿਹਨਤ ਕਰਨ ਵਾਲੇ ਟਰਾਂਸਪੋਰਟਰਾਂ ਦੇ ਹੱਥ ਵਿਚ ਥੋੜੇ੍ਹ ਪੈਸੇ ਹੀ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਗੱਡੀ ਦੀ ਜ਼ਿੰਮੇਵਾਰੀ, ਨੁਕਸਾਨ ਅਤੇ ਖ਼ਰਾਬੀ ਸਭ ਕੁੱਝ ਟਰਾਂਸਪੋਰਟ ਦੀ ਹੁੰਦੀ ਹੈ, ਪਰ ਫਿਰ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਦੀਪ ਸੋਡੀ ਨੇ ਦੱਸਿਆ ਕਿ ਇਹ ਪਰਚੀਆਂ ਕੱਟਣ ਵਾਲੇ ਗੁੰਡੇ ਕੱਲ੍ਹ ਸਾਡੇ ਨਾਲ ਹੱਥੋ ਪਾਈ ਵੀ ਹੋਏ ਹਨ ਅਤੇ ਹਵਾਈ ਫਾਇਰ ਵੀ ਕਰਕੇ ਗਏ ਹਨ | ਉਨ੍ਹਾਂ ਕਿਹਾ ਕਿ ਜੇ ਪਰਚੀ ਦੇ ਪੈਸੇ ਨਾ ਦਿੱਤੇ ਜਾਣ ਤਾਂ ਗੱਡੀ ਨੂੰ ਰੋਡ 'ਤੇ ਰੋਕ ਲਿਆ ਜਾਂਦਾ ਹੈ ਅਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਹੈ | ਬਾਹਰੋਂ ਆ ਰਹੀਆਂ ਗੱਡੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਲੋਕਲ ਟਰਾਂਸਪੋਰਟਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿ ਦੱਸਿਆ ਹੈ ਕਿ ਕੁੱਝ ਲੋਕ ਪਰਚੀ ਦੇ ਪੈਸੇ ਐਮ.ਐਲ.ਏ ਨੂੰ ਜਾਣ ਦੀ ਗੱਲ ਕਹਿੰਦੇ ਹਨ ਪਰ ਅੱਜ ਮੌਕੇ 'ਤੇ ਪਹੁੰਚੇ ਸ਼ਹਿਰੀ ਐਮ.ਐਲ.ਏ ਰਣਬੀਰ ਸਿੰਘ ਭੁੱਲਰ ਨੇ ਸਪਸ਼ਟ ਤੌਰ 'ਤੇ ਇਨਕਾਰ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਰਚੀ ਨਹੀਂ ਲੈਂਦੇ ਅਤੇ ਜੇ ਕੋਈ ਉਨ੍ਹਾਂ ਦੇ ਨਾਂ 'ਤੇ ਪੈਸੇ ਵਸੂਲ ਕਰ ਰਿਹਾ ਹੈ ਤਾਂ ਉਸ ਦੇ ਕਾਰਵਾਈ ਹੋਵੇਗੀ | ਟਰਾਂਸਪੋਰਟਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਆਪਣਾ ਕੰਮ ਖੁੱਲ੍ਹੇ ਤੌਰ ਤੇ ਕਰਨ ਦੀ ਆਜ਼ਾਦੀ ਦਿੱਤੀ ਜਾਵੇ ਅਤੇ ਉਹ ਜਿਹੜੀ ਮਰਜ਼ੀ ਗੱਡੀ ਲੈ ਸਕਣ | ਉਨ੍ਹਾਂ ਦਾ ਕਹਿਣਾ ਹੈ ਕਿ ਪਰਚੀ ਸਿਸਟਮ ਤੁਰੰਤ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਾਰਾ ਭਾਰ ਆਖ਼ਰਕਾਰ ਕਿਸਾਨਾਂ ਅਤੇ ਛੋਟੇ ਵਪਾਰੀਆਂ 'ਤੇ ਪੈਂਦਾ ਹੈ | ਸ਼ਹਿਰੀ ਐਮ.ਐਲ.ਏ ਰਣਬੀਰ ਸਿੰਘ ਭੁੱਲਰ ਨੇ ਟਰਾਂਸਪੋਰਟਰਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਪਰਚੀ ਨਹੀਂ ਕੱਟੀ ਜਾਵੇਗੀ | ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਜਾਇਜ਼ ਅਤੇ ਗੈਰ ਕਾਨੂੰਨੀ ਪਰਚੀ ਕੱਟਣ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਹੁਣ ਦੇਖਣਾ ਇਹ ਹੋਵੇਗਾ ਕਿ ਮੈਦਾਨੀ ਪੱਧਰ ਤੇ ਫ਼ੈਸਲੇ 'ਤੇ ਕਿੰਨਾ ਕੁ ਅਮਲ ਹੁੰਦਾ ਹੈ |